Create your Account
ਕਪੂਰਥਲਾ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ, ਚਾਰ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ- ਕਪੂਰਥਲਾ ਪੁਲਿਸ ਵਲੋਂ ਸਰਾਫ਼ਾ ਬਜ਼ਾਰ ਕਪੂਰਥਲਾ ਵਿਖੇ ਪਿਛਲੇ ਦਿਨੀਂ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈI ਪੁਲਿਸ ਨੇ ਮੁਲਜ਼ਮਾਂ ਕੋਲੋਂ 8 ਲੱਖ ਰੁਪਏ, 3 ਕਿੱਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਅਤੇ ਹੁੰਡਾਈ ਕਾਰ ਨੰਬਰ ਪੀ.ਬੀ 05 ਏਡੀ 6468 ਬਰਾਮਦ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਅਜੈ ਕੁਮਾਰ ਪੁੱਤਰ ਲਾਲ ਚੰਦ ਵਾਲੀ ਲਾਹੌਰੀ ਗੇਟ ਕਪੂਰਥਲਾ ਵਿਖੇ ਸੁਨਿਆਰੇ ਦੀ ਦੁਕਾਨ ਵਿਖੇ 8 ਜੂਨ ਨੂੰ ਚੋਰੀ ਹੋਈ ਸੀ, ਜਿਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 168 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਹੱਲ ਕਰਨ ਲਈ ਪ੍ਰਭਜੋਤ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਦੀਪਕਰਨ ਸਿੰਘ ਡੀ.ਐਸ.ਪੀ, ਪਰਮਿੰਦਰ ਸਿੰਘ ਡੀ.ਐਸ.ਪੀ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਅਤੇ ਏ.ਐਸ.ਆਈ ਚਰਨਜੀਤ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਲੋਂ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਸੈੱਲ ਸਹਾਇਤਾ ਤੇ ਮਨੁੱਖੀ ਸਾਧਨਾਂ ਰਾਹੀਂ ਵਾਰਦਾਤ ਦੇ ਮੁਲਜ਼ਮ ਜੋਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਖਟੀਕ ਮੰਡੀ ਥਾਣਾ ਕੈਂਟ ਜ਼ਿਲ੍ਹਾ ਫਿਰੋਜ਼ਪੁਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਪੁਲਿਸ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕੀਤੀ ਗਈ। ਇਸੇ ਦੇ ਆਧਾਰ ‘ਤੇ ਅਮਨਦੀਪ ਸਿੰਘ ਨੂੰ 17 ਜੂਨ ਨੂੰ ਕਾਂਗੜੇ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਹੰਡਾਈ ਕਾਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀਆਂ ਵਲੋਂ ਚੋਰੀ ਕੀਤਾ ਸੋਨਾ ਅਤੇ ਚਾਂਦੀ, ਸੁਨਿਆਰ ਧਰਮਪਾਲ ਉਰਫ ਧਰਮਾ ਪੁੱਤਰ ਰੂਪਲਾਲ ਵਾਸੀ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਸੁਨਿਆਰਾ ਰਾਹੁਲ ਸ਼ਰਮਾ ਪੁੱਤਰ ਧਰਮਪਾਲ ਵਾਸੀ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੇਚਿਆ ਗਿਆ ਸੀ। ਜਿਸ ਦੇ ਆਧਾਰ ‘ਤੇ ਇਨ੍ਹਾਂ ਦੋਵਾਂ ਨੂੰ ਵੀ ਗ੍ਰਿਫਤਾਰ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ।ਤਫਤੀਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੋਨੀ ਉਰਫ਼ ਰਾਜੂ 'ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਰੀ ਦੇ 20 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੌਰਾਨ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Leave a Reply
Your email address will not be published. Required fields are marked *