BREAKING

Himachal Pradesh

ਹਿਮਾਚਲ ‘ਚ ਆਫ਼ਤ: ਮੌਸਮ ਵਿਭਾਗ ਵਲੋਂ ਵੱਡੀ ਚੇਤਾਵਨੀ!

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜ਼ਾਜ ਲਗਾਤਾਰ ਵਿਗੜਦਾ ਜਾ ਰਿਹਾ ਹੈ। ਭਾਰੀ ਬਾਰਿਸ਼ ਅਤੇ ਢਿੱਗਾਂ ਡਿੱਗਣ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੁੱਲੂ, ਸਿਰਮੌਰ, ਕਾਂਗੜਾ, ਸ਼ਿਮਲਾ ਅਤੇ ਚੰਬਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਭ ਤੋਂ ਵੱਧ ਤਬਾਹੀ ਚੰਬਾ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਉਫਾਨ ‘ਤੇ ਆਏ ਨਾਲਿਆਂ ਅਤੇ ਲਗਾਤਾਰ ਹੋ ਰਹੇ ਲੈਂਡਸਲਾਇਡ ਕਰਕੇ ਪ੍ਰਸ਼ਾਸਨ ਨੇ ਮਣੀਮਹੇਸ਼ ਯਾਤਰਾ ‘ਤੇ ਅਗਲੇ ਤਿੰਨ ਦਿਨਾਂ ਲਈ ਰੋਕ ਲਗਾ ਦਿੱਤੀ ਹੈ।

ਵਧਦੇ ਖਤਰੇ ਦੇ ਵਿਚਕਾਰ ਰਾਜ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਦੀਆਂ ਤੋਂ 500 ਮੀਟਰ ਅਤੇ ਖਤਰਨਾਕ ਨਾਲਿਆਂ ਤੋਂ 200 ਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਸੰਵੇਦਨਸ਼ੀਲ ਮਕਾਨਾਂ ਨੂੰ ਤੁਰੰਤ ਖਾਲੀ ਕਰਵਾਇਆ ਜਾਵੇ। ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਕੈਂਪ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਭੋਜਨ, ਪੀਣ ਵਾਲਾ ਪਾਣੀ, ਤਰਪਾਲਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਚੰਬਾ ਵਿੱਚ ਹਾਲਾਤ ਸਭ ਤੋਂ ਵੱਧ ਚਿੰਤਾਜਨਕ ਬਣੇ ਹੋਏ ਹਨ। ਹੜਸਰ ਤੋਂ ਅੱਗੇ ਮਣੀਮਹੇਸ਼ ਯਾਤਰਾ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਅਤੇ ਸੁਰੱਖਿਆ ਲਈ ਥਾਂ-ਥਾਂ ‘ਤੇ ਪੁਲਿਸ ਅਤੇ ਰਾਹਤ ਬਲ ਤੈਨਾਤ ਕੀਤੇ ਗਏ ਹਨ। ਧਨੋਲ ਦੇ ਨੇੜੇ ਹੋਏ ਭਾਰੀ ਲੈਂਡਸਲਾਇਡ ਕਾਰਨ ਕਾਰਤਿਕ ਸਵਾਮੀ ਮੰਦਰ ਤੋਂ ਪਰਤ ਰਹੇ ਲਗਭਗ 200 ਸ਼ਰਧਾਲੂ ਕਰੀਬ ਨੌਂ ਘੰਟਿਆਂ ਤੱਕ ਰਸਤੇ ਵਿੱਚ ਫਸੇ ਰਹੇ। ਭਾਰੀ ਮੁਸ਼ੱਕਤ ਤੋਂ ਬਾਅਦ ਰਸਤਾ ਬਹਾਲ ਹੋਇਆ ਅਤੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਬਾਰਿਸ਼ ਦਾ ਅਸਰ ਸੜਕੀ ਆਵਾਜਾਈ ‘ਤੇ ਵੀ ਸਾਫ਼ ਦਿਖਾਈ ਦਿੱਤਾ। ਚੰਬਾ-ਭਰਮੌਰ ਰਾਸ਼ਟਰੀ ਰਾਜਮਾਰਗ ਲਗਭਗ ਛੇ ਘੰਟੇ ਬੰਦ ਰਿਹਾ, ਜਿਸ ਨਾਲ ਦਰਜਨਾਂ ਵਾਹਨ ਵਿਚਕਾਰ ਰਸਤੇ ‘ਚ ਫਸ ਗਏ। ਦੂਜੇ ਪਾਸੇ ਚੁਰਾਹ ਵਿੱਚ ਚਾਂਜੂ-3 ਜਲ-ਬਿਜਲੀ ਪ੍ਰੋਜੈਕਟ ਦੀ ਨਿਰਮਾਣ ਸਮੱਗਰੀ ਤੇਜ਼ ਵਹਾਅ ਵਿੱਚ ਵਹਿ ਗਈ। ਵਣ ਨਿਗਮ ਦੇ ਕਰੋੜਾਂ ਰੁਪਏ ਦੇ ਲੱਕੜ ਦੇ ਸਲੀਪਰ ਵੀ ਪਾਣੀ ਵਿੱਚ ਸਮਾ ਗਏ, ਜਦੋਂ ਕਿ ਪਾਂਗੀ ਘਾਟੀ ਵਿੱਚ ਕਿਸਾਨਾਂ ਦੀ ਮਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ।

ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਵੀ ਰਾਜ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਵਿੱਚ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ, ਜਦੋਂ ਕਿ ਊਨਾ, ਹਮੀਰਪੁਰ, ਕੁੱਲੂ, ਸ਼ਿਮਲਾ ਅਤੇ ਸੋਲਨ ਵਿੱਚ ਔਰੇਂਜ ਅਲਰਟ ਲਾਗੂ ਹੈ। ਬਿਲਾਸਪੁਰ, ਕਿੰਨੌਰ ਅਤੇ ਲਾਹੌਲ-ਸਪੀਤੀ ਵਿੱਚ ਵੀ ਦਰਮਿਆਨੀ ਤੋਂ ਭਾਰੀ ਬਾਰਿਸ਼ ਅਤੇ 25 ਜੁਲਾਈ ਤੱਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਝੱਖੜ ਅਤੇ ਬਿਜਲੀ ਡਿੱਗਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

ਖਰਾਬ ਮੌਸਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਤਿਆਤ ਵਜੋਂ ਕੁੱਲੂ ਦੇ ਆਨੀ ਅਤੇ ਨਿਰਮੰਡ ਉਪ-ਮੰਡਲਾਂ ਦੇ ਨਾਲ-ਨਾਲ ਸ਼ਿਮਲਾ ਦੇ ਠਿਓਗ ਉਪ-ਮੰਡਲ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ, ਆਈ.ਟੀ.ਆਈ. ਅਤੇ ਆਂਗਣਵਾੜੀ ਕੇਂਦਰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। 16 ਤੋਂ ਵੱਧ ਸੜਕਾਂ ਬੰਦ ਹੋਣ ਅਤੇ ਲਗਾਤਾਰ ਵਿਗੜਦੇ ਮੌਸਮ ਦੇ ਵਿਚਕਾਰ ਪ੍ਰਸ਼ਾਸਨ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਮੌਸਮ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰ ਰਿਹਾ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds