ਪਤਨੀ ਹੀ ਨਿਕਲੀ ਪਤੀ ਦੀ ਕਾਤਲ, ਪ੍ਰੇਮੀ ਸਮੇਤ ਦੋਵੇਂ ਗ੍ਰਿਫ਼ਤਾਰ!
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਮੌੜ ਅਧੀਨ ਆਉਂਦੇ ਪਿੰਡ ਕੋਟਲੀ ਖੁਰਦ ਵਿੱਚ ਰਾਜਪਾਲ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਜਪਾਲ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਸੀ, ਸਗੋਂ ਉਸ ਦਾ ਬੇਰਹਮੀ ਨਾਲ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ ਅਤੇ ਉਸ ਦੇ ਕਥਿਤ ਸਾਥੀ ਬ੍ਰਹਮਜੀਤ ਸਿੰਘ ਉਰਫ਼ ਪੀਟਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਖੁਰਦ ਵਿੱਚ ਰਾਜਪਾਲ ਸਿੰਘ ਦੀ ਲਾਸ਼ ਘਰ ਦੀ ਖੁੱਲ੍ਹੀ ਰਸੋਈ ਵਿੱਚ ਐਂਗਲ ਆਇਰਨ ਨਾਲ ਰੱਸੀ ਦੇ ਸਹਾਰੇ ਲਟਕੀ ਹੋਈ ਮਿਲੀ ਹੈ। ਜਦੋਂ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤਾਂ ਹਾਲਾਤ ਸ਼ੱਕੀ ਜਾਪੇ, ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕੀਤੀ ਗਈ।

ਪੁਲਿਸ ਮੁਤਾਬਕ, ਮ੍ਰਿਤਕ ਦੇ ਚਚੇਰੇ ਭਰਾ ਸਤਪਾਲ ਸਿੰਘ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਤੋਂ ਖ਼ੁਲਾਸਾ ਹੋਇਆ ਕਿ ਰਾਜਪਾਲ ਸਿੰਘ ਦੀ ਪਤਨੀ ਕਿਰਨਪਾਲ ਕੌਰ ਦੇ ਪਿੰਡ ਕੋਟਲੀ ਕਲਾਂ ਦੇ ਰਹਿਣ ਵਾਲੇ ਬ੍ਰਹਮਜੀਤ ਸਿੰਘ ਨਾਲ ਕਥਿਤ ਸਬੰਧ ਸਨ। ਰਾਜਪਾਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ, ਜਿਸ ਕਾਰਨ ਘਟਨਾ ਵਾਲੇ ਦਿਨ ਵੀ ਦੋਵਾਂ ਵਿਚਕਾਰ ਭਾਰੀ ਝਗੜਾ ਹੋਇਆ ਸੀ।
ਜਾਂਚ ਅਨੁਸਾਰ, ਰੰਜਿਸ਼ ਤਹਿਤ ਕਿਰਨਪਾਲ ਕੌਰ ਨੇ ਬ੍ਰਹਮਜੀਤ ਸਿੰਘ ਨੂੰ ਆਪਣੇ ਘਰ ਬੁਲਾਇਆ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਕੱਪੜੇ ਨਾਲ ਰਾਜਪਾਲ ਸਿੰਘ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਰਸੋਈ ਵਿੱਚ ਲਟਕਾ ਦਿੱਤਾ ਗਿਆ। ਸਬੂਤ ਮਿਟਾਉਣ ਦੀ ਨੀਅਤ ਨਾਲ ਦੋਸ਼ੀਆਂ ਨੇ ਘਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਅਤੇ ਮੋਬਾਈਲ ਫੋਨ ਵੀ ਗਾਇਬ ਕਰ ਦਿੱਤਾ।
ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਵਾਰਦਾਤ ਵਿੱਚ ਵਰਤਿਆ ਸਾਮਾਨ ਜਬਤ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗਾਇਬ ਕੀਤਾ ਡੀਵੀਆਰ ਅਤੇ ਮੋਬਾਈਲ ਬਰਾਮਦ ਕੀਤਾ ਜਾ ਸਕੇ।










