ਰਾਜਪੁਰਾ ‘ਚ ATM ਕੱਟ ਕੇ 5 ਲੱਖ ਦੀ ਲੁੱਟ,ਕਾਲੀ ਥਾਰ ‘ਚ ਆਏ ਬੇਖ਼ੌਫ਼ ਲੁਟੇਰੇ
ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਅੱਜ ਤੜਕਸਾਰ ਰਾਜਪੁਰਾ ਵਿਖੇ ਚੋਰਾਂ ਵੱਲੋਂ ਕੈਨਰਾ ਬੈਂਕ ਦੇ ਏ.ਟੀ.ਐੱਮ. (ATM) ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਖੌਫ਼ਨਾਕ ਵਾਰਦਾਤ ਸਵੇਰੇ ਤਕਰੀਬਨ 4:55 ਤੋਂ 5:00 ਵਜੇ ਦੇ ਦਰਮਿਆਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਚੋਰ ਕਾਲੇ ਰੰਗ ਦੀ ਥਾਰ (Thar) ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏ.ਟੀ.ਐੱਮ. ਮਸ਼ੀਨ ਨੂੰ ਕੱਟਿਆ ਅਤੇ ਅੰਦਰ ਮੌਜੂਦ ਲਗਭਗ 5 ਤੋਂ ਸਾਢੇ 5 ਲੱਖ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਥਾਣਾ ਸਿਟੀ ਰਾਜਪੁਰਾ ਦੇ ਐੱਸ.ਐੱਚ.ਓ. (SHO) ਅਤੇ ਡੀ.ਐੱਸ.ਪੀ. (DSP) ਰਾਜਪੁਰਾ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੇ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਵੀ ਰਾਜਪੁਰਾ ਵਿਖੇ ਇਸੇ ਤਰਜ਼ ’ਤੇ ਸ਼ਟਰ ਤੋੜ ਕੇ ਏ.ਟੀ.ਐੱਮ. ਵਿੱਚੋਂ ਨਕਦੀ ਚੋਰੀ ਕਰਨ ਦੀ ਵਾਰਦਾਤ ਵਾਪਰੀ ਸੀ, ਜਿਸ ਕਾਰਨ ਸਥਾਨਕ ਨਿਵਾਸੀਆਂ ਅਤੇ ਵਪਾਰੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।










