ਨਾਈਜੀਰੀਆ ‘ਚ ਦਰਦਨਾਕ ਹਾਦਸਾ, 32 ਸਵਾਰੀਆਂ ਨਾਲ ਫ਼ੌਜੀ ਜਹਾਜ਼ ਨਦੀ ‘ਚ ਡਿੱਗਿਆ
ਨਾਇਜੀਰੀਆ ਦੇ ਦੱਖਣੀ ਹਿੱਸੇ ਵਿੱਚ ਸੋਮਵਾਰ ਨੂੰ 32 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਫ਼ੌਜੀ ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ਼ ਵਿੱਚ 25 ਯਾਤਰੀ ਅਤੇ 7 ਕਰੂ ਮੈਂਬਰ ਸਵਾਰ ਸਨ। ਇਹ ਹਾਦਸਾ ਓਂਡੋ ਰਾਜ ਦੇ ਨਦੀ ਕਿਨਾਰੇ ਵਸੇ ਇਗਬੋਕੋਂਡਾ ਸ਼ਹਿਰ ਵਿੱਚ ਵਾਪਰਿਆ। ਹਾਦਸੇ ਵਿੱਚ ਕਿੰਨੇ ਲੋਕ ਹਤਾਹਤ ਹੋਏ ਹਨ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਨਾਇਜੀਰੀਆ ਦੇ ਐਵੀਏਸ਼ਨ ਮਿਨਿਸਟਰ ਫੈਸਟਸ ਕੀਆਮੋ ਨੇ ਦੱਸਿਆ ਕਿ ਜਹਾਜ਼ ਇੱਕ ਰੁਟੀਨ ਮਿਸ਼ਨ ‘ਤੇ ਦੇਸ਼ ਦੇ ਆਰਥਿਕ ਕੇਂਦਰ ਲਾਗੋਸ ਵੱਲ ਜਾ ਰਿਹਾ ਸੀ। ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 9 ਵਜੇ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਹ ਨੇਵਲ ਬੇਸ ਦੇ ਨੇੜੇ ਕ੍ਰੈਸ਼ ਹੋ ਗਿਆ ਹੈ।


ਸਥਾਨਕ ਲੋਕਾਂ ਨੇ ਦੱਸਿਆ ਕਿ ਜਹਾਜ਼ ਨਦੀ ਦੇ ਨੇੜੇ ਡਿੱਗਿਆ ਅਤੇ ਉਸ ਦਾ ਕੁਝ ਹਿੱਸਾ ਪਾਣੀ ਵਿੱਚ ਡੁੱਬ ਰਿਹਾ ਸੀ। ਚਸ਼ਮਦੀਦ ਅਕਿਨਬੁਲੇਜੋ ਪਿਅਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਤੇਜ਼ ਧਮਾਕੇ ਵਰਗੀ ਆਵਾਜ਼ ਸੁਣੀ, ਜੋ ਬਿਜਲੀ ਗਰਜਣ ਵਰਗੀ ਲੱਗਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਦਰੱਖਤਾਂ ਦੇ ਉੱਪਰੋਂ ਲੰਘਦੇ ਅਤੇ ਹੇਠਾਂ ਡਿੱਗਦੇ ਦੇਖਿਆ। ਮੌਕੇ ‘ਤੇ ਸਰੀਰ ਦੇ ਕੁਝ ਹਿੱਸੇ, ਕੱਪੜੇ ਅਤੇ ਜੁੱਤੀਆਂ ਵੀ ਮਿਲੀਆਂ ਹਨ।
ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੂਬੂ ਨੇ ਹਾਦਸੇ ਤੋਂ ਬਾਅਦ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਝੰਡੇ ਅੱਧੇ ਝੁਕਾਉਣ ਦੇ ਹੁਕਮ ਦਿੱਤੇ ਹਨ।
ਟਿਨੂਬੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੇ ਏਅਰਫੋਰਸ ਜਵਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੁਰੱਖਿਆ ਕਰਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾਵੇਗੀ। ਰਾਸ਼ਟਰਪਤੀ ਨੇ ਨਾਇਜੀਰੀਅਨ ਏਅਰਫੋਰਸ ਨੂੰ ਹਾਦਸੇ ਦੀ ਤੁਰੰਤ ਅਤੇ ਪੂਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਨਾਇਜੀਰੀਅਨ ਏਅਰਫੋਰਸ ਨੇ ਦੱਸਿਆ ਕਿ ਕ੍ਰੈਸ਼ ਹੋਇਆ ਜਹਾਜ਼ ATR-42 ਸੀ। ਨਾਇਜੀਰੀਅਨ ਸੈਨਾ ਇਸ ਜਹਾਜ਼ ਦੀ ਵਰਤੋਂ ਖੁਫ਼ੀਆ ਜਾਣਕਾਰੀ ਜੁਟਾਉਣ, ਨਿਗਰਾਨੀ ਕਰਨ ਅਤੇ ਸੈਨਿਕਾਂ ਤੇ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਕਰਦੀ ਰਹੀ ਹੈ।
ਨਦੀ ਜਾਂ ਪਾਣੀ ਵਿੱਚ ਜਹਾਜ਼ ਡਿੱਗਣ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਜ਼ਮੀਨ ‘ਤੇ ਹੋਏ ਹਾਦਸੇ ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲ ਹੋ ਸਕਦਾ ਹੈ। ਗੋਤਾਖੋਰਾਂ ਅਤੇ ਰੈਸਕਿਊ ਟੀਮ ਨੂੰ ਤੇਜ਼ ਵਹਾਅ, ਘੱਟ ਵਿਜ਼ੀਬਿਲਟੀ, ਜਹਾਜ਼ ਦੇ ਪਾਣੀ ਵਿੱਚ ਡੁੱਬਣ ਅਤੇ ਮਲਬਾ ਫੈਲਣ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਾਇਜੀਰੀਆ ‘ਚ ਪਿਛਲੇ 20 ਸਾਲਾਂ ‘ਚ ਹੋਏ ਵੱਡੇ ਜਹਾਜ਼ ਹਾਦਸੇ
ਨਾਇਜੀਰੀਆ ਵਿੱਚ ਪਿਛਲੇ 20 ਸਾਲਾਂ ਵਿੱਚ ਕਈ ਵੱਡੇ ਜਹਾਜ਼ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਯਾਤਰੀ ਅਤੇ ਫ਼ੌਜੀ ਜਹਾਜ਼ ਦੋਵੇਂ ਸ਼ਾਮਲ ਹਨ। ਕੁਝ ਹਾਦਸਿਆਂ ਵਿੱਚ 100 ਤੋਂ ਵੀ ਵੱਧ ਲੋਕਾਂ ਦੀ ਜਾਨ ਗਈ ਹੈ।
2005 ਵਿੱਚ ਦੋ ਵੱਡੇ ਹਾਦਸੇ:
ਬੈਲਵਿਊ ਏਅਰਲਾਈਨਜ਼ ਹਾਦਸਾ: ਅਕਤੂਬਰ 2005 ਵਿੱਚ ਬੈਲਵਿਊ ਏਅਰਲਾਈਨਜ਼ ਦਾ ਜਹਾਜ਼ ਲਾਗੋਸ ਤੋਂ ਅਬੂਜਾ ਜਾਂਦੇ ਸਮੇਂ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕ੍ਰੈਸ਼ ਹੋ ਗਿਆ, ਜਿਸ ਵਿੱਚ 117 ਲੋਕਾਂ ਦੀ ਮੌਤ ਹੋਈ।
ਦਸੰਬਰ 2005 ਵਿੱਚ ਸੋਲਿਸੋ ਏਅਰਲਾਈਨਜ਼ ਦਾ ਜਹਾਜ਼ ਅਬੂਜਾ ਤੋਂ ਪੋਰਟ ਹਾਰਕੋਰਟ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 109 ਲੋਕਾਂ ਦੀ ਮੌਤ ਹੋਈ। ਮਰਨ ਵਾਲਿਆਂ ਵਿੱਚ ਕਈ ਸਕੂਲੀ ਬੱਚੇ ਵੀ ਸ਼ਾਮਲ ਸਨ।
2006 ਵਿੱਚ 114 ਲੋਕਾਂ ਦੀ ਮੌਤ: ਅਕਤੂਬਰ 2006 ਵਿੱਚ ਏਡੀਸੀ ਏਅਰਲਾਈਨਜ਼ ਦਾ ਜਹਾਜ਼ ਅਬੂਜਾ ਤੋਂ ਪੋਰਟ ਹਾਰਕੋਰਟ ਜਾਂਦੇ ਸਮੇਂ ਕ੍ਰੈਸ਼ ਹੋ ਗਿਆ। ਜਹਾਜ਼ ਵਿੱਚ 114 ਲੋਕ ਸਵਾਰ ਸਨ ਅਤੇ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ।
ਜੂਨ 2012 ਵਿੱਚ ਡਾਨਾ ਏਅਰ ਦਾ ਜਹਾਜ਼ ਅਬੂਜਾ ਤੋਂ ਲਾਗੋਸ ਜਾਂਦੇ ਸਮੇਂ ਲਾਗੋਸ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਕ੍ਰੈਸ਼ ਹੋ ਕੇ ਡਿੱਗ ਗਿਆ। ਇਸ ਵਿੱਚ 153 ਲੋਕਾਂ ਦੀ ਮੌਤ ਹੋਈ ਅਤੇ ਜ਼ਮੀਨ ‘ਤੇ ਮੌਜੂਦ ਲੋਕ ਵੀ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ ਸਨ।






