ਗੁਲਾਬ ਸਿੱਧੂ ਫਾਇਰਿੰਗ ਮਾਮਲੇ ‘ਚ ਵੱਡੀ ਕਾਰਵਾਈ
ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਫਾਇਰਿੰਗ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਦਿਵੰਗਤ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੋਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਸੋਦਾਗਰ ਸਿੰਘ ਵੀਰਵਾਰ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਅਦਾਲਤ ‘ਚ ਪੇਸ਼ੀ ਲਈ ਪਹੁੰਚੇ ਸਨ। ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਹੀ ਹਿਰਾਸਤ ਵਿੱਚ ਲੈ ਲਿਆ।
ਖੰਨਾ ਸਿਟੀ ਥਾਣਾ ਪੁਲਿਸ ਨੂੰ ਸੂਚਨਾ ਦੇ ਕੇ ਡੀਡੀਆਰ (DDR) ਦਰਜ ਕੀਤੀ ਗਈ ਹੈ। ਪੁਲਿਸ ਹੁਣ ਸੋਦਾਗਰ ਸਿੰਘ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਪਹਿਲਾਂ ਵੀ ਖੰਨਾ ‘ਚ ਫਾਇਰਿੰਗ ਅਤੇ ਫਿਰੌਤੀ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਈਕੋਰਟ ਨੇ ਹਾਲ ਹੀ ਵਿੱਚ ਖੰਨਾ ਪੁਲਿਸ ਦੇ ਤਿੰਨ ਮਾਮਲਿਆਂ ਦੀ ਜਾਂਚ ਡੀਆਈਜੀ (DIG) ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।

ਕੀ ਸੀ ਪੂਰਾ ਮਾਮਲਾ…
ਸਿੰਗਰ ਗੁਲਾਬ ਸਿੱਧੂ ਘਰ ਮੌਜੂਦ ਨਹੀਂ ਸਨ: ਘਟਨਾ 12-13 ਸਤੰਬਰ ਦੀ ਦਰਮਿਆਨੀ ਰਾਤ ਲਗਭਗ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ। ਪਿੰਡ ਫਰਵਾਹੀ ‘ਚ ਸਿੱਧੂ ਦੇ ਜੱਦੋ-ਪੁਸ਼ਤੀ ਘਰ ‘ਤੇ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ। ਘਰ ਦੇ ਬਾਹਰ ਪਹੁੰਚਦਿਆਂ ਹੀ ਨੌਜਵਾਨਾਂ ਨੇ ਬਾਈਕ ਰੋਕੀ। ਇਸ ਤੋਂ ਬਾਅਦ ਵਿਚਕਾਰ ਬੈਠੇ ਨੌਜਵਾਨ ਨੇ ਪਿਸਤੌਲ ਲੋਡ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਫਾਇਰਿੰਗ ਕੀਤੀ, ਜਦਕਿ ਬਾਈਕ ਚਲਾ ਰਹੇ ਤੀਜੇ ਨੌਜਵਾਨ ਨੇ ਵੀਡੀਓ ਬਣਾਈ। ਇਸ ਵਿੱਚ ਬਾਈਕ ‘ਤੇ 3 ਨੌਜਵਾਨ ਘਰ ਦੇ ਨੇੜੇ ਆਉਂਦੇ ਦਿਖਾਈ ਦੇ ਰਹੇ ਹਨ। ਵਾਰਦਾਤ ਸਮੇਂ ਸਿੰਗਰ ਗੁਲਾਬ ਸਿੱਧੂ ਘਰ ‘ਚ ਮੌਜੂਦ ਨਹੀਂ ਸਨ।
ਜਨਵਰੀ ‘ਚ ਹਮਲੇ ਦੀ ਕੋਸ਼ਿਸ਼ ਹੋਈ ਸੀ: 10 ਜਨਵਰੀ 2026 ਨੂੰ ਬਰਨਾਲਾ ਪੁਲਿਸ ਨੇ ਸਿੰਗਰ ਗੁਲਾਬ ਸਿੱਧੂ ‘ਤੇ ਹਮਲੇ ਦੀ ਕੋਸ਼ਿਸ਼ ਦੇ ਦੋਸ਼ ‘ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਵਿੱਚ ਮੁੱਖ ਸਾਜ਼ਿਸ਼ਕਰਤਾ ਕੋਟਦੂਨਾ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ (ਕਿੰਦਾ) ਸੀ। ਮੁਲਜ਼ਮ ਗੁਲਾਬ ਸਿੱਧੂ ਦੇ ਗਾਣੇ ‘ਸਰਪੰਚੀਆਂ’ ਦੇ ਬੋਲਾਂ ਤੋਂ ਨਾਰਾਜ਼ ਸੀ। ਉਸ ਨੇ ਸਿੰਗਰ ਨੂੰ ਸੋਸ਼ਲ ਮੀਡੀਆ ‘ਤੇ ਧਮਕੀ ਵੀ ਦਿੱਤੀ ਸੀ। ਮੁਲਜ਼ਮ ਇੱਕ ਲਾਈਵ ਸ਼ੋਅ ਦੌਰਾਨ ਘਾਤ ਲਗਾ ਕੇ ਹਮਲਾ ਕਰਨ ਦੀ ਫਿਰਾਕ ‘ਚ ਸਨ। ਉਨ੍ਹਾਂ ਦਾ ਮਕਸਦ ਪੰਜਾਬ ‘ਚ ਖ਼ੌਫ਼ ਪੈਦਾ ਕਰਕੇ ਬਾਅਦ ‘ਚ ਫਿਰੌਤੀ ਵਸੂਲਣਾ ਸੀ।
ਗੁਲਾਬ ਸਿੱਧੂ ਨੂੰ ਮਿਲੇ ਦੋ ਸੁਰੱਖਿਆ ਕਰਮੀ: ਸਿੰਗਰ ਗੁਲਾਬ ਸਿੱਧੂ ਦਿਵੰਗਤ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬੀ ਦੋਸਤਾਂ ‘ਚੋਂ ਇੱਕ ਹਨ। ਮਈ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਪੰਜਾਬ ਦੇ ਕਈ ਸਿੰਗਰਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ। ਗੁਲਾਬ ਸਿੱਧੂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਫਿਰੌਤੀ ਦੇ ਫ਼ੋਨ ਆ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਹਨਾਂ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਇਨਪੁਟਸ ਦੇ ਆਧਾਰ ‘ਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਦੋ ਸੁਰੱਖਿਆ ਕਰਮੀ ਮੁਹੱਈਆ ਕਰਵਾਏ ਗਏ ਹਨ, ਜੋ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਰਹਿੰਦੇ ਹਨ।









