ਮੁਅੱਤਲ DIG ਹਰਚਰਨ ਸਿੰਘ ਭੁੱਲਰ ‘ਤੇ ਈਡੀ ਦਾ ਸ਼ਿਕੰਜਾ, ਮਨੀ ਲਾਂਡਰਿੰਗ ਕੇਸ ‘ਚ ਗ੍ਰਿਫ਼ਤਾਰੀ ਦੀ ਤਿਆਰੀ!
ਪੰਜਾਬ ਪੁਲਿਸ ਦੇ ਹਾਈ-ਪ੍ਰੋਫਾਈਲ ਅਤੇ ਅੱਠ ਲੱਖ ਰੁਪਏ ਦੀ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਫਸੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀਆਂ ਕਾਨੂੰਨੀ ਮੁਸ਼ਕਲਾਂ ਲਗਾਤਾਰ ਗੰਭੀਰ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਸੀ.ਬੀ.ਆਈ. ਦੀ ਕਾਰਵਾਈ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈ.ਡੀ. ਨੇ ਵੀ ਉਨ੍ਹਾਂ ਦੇ ਖ਼ਿਲਾਫ਼ ‘ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ’ (PMLA) ਤਹਿਤ ਸ਼ਿਕੰਜਾ ਪੂਰੀ ਤਰ੍ਹਾਂ ਕੱਸ ਲਿਆ ਹੈ। ਚੰਡੀਗੜ੍ਹ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਈ.ਡੀ. ਵੱਲੋਂ ਦਾਇਰ ਕੀਤੀ ਗਈ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਭੁੱਲਰ ਦੇ ਖ਼ਿਲਾਫ਼ ਨਵਾਂ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਜੇਲ੍ਹ ਪ੍ਰਸ਼ਾਸਨ ਨੂੰ 9 ਅਕਤੂਬਰ ਨੂੰ ਸਵੇਰੇ 10 ਵਜੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਪਿਛਲੀਆਂ ਸੁਣਵਾਈਆਂ ਦੌਰਾਨ ਅਦਾਲਤ ਵਿੱਚ ਸਾਹਮਣੇ ਆਏ ਤੱਥਾਂ ਮੁਤਾਬਕ, ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਈ.ਡੀ. ਨੇ ਇਸ ਕੇਸ ‘ਚ ਮਨੀ ਲਾਂਡਰਿੰਗ ਦਾ ਨਵਾਂ ਕੇਸ ਦਰਜ ਕੀਤਾ ਸੀ। ਪਿਛਲੀ ਤਾਰੀਖ਼ ‘ਚ ਈ.ਡੀ. ਨੇ ਅਦਾਲਤ ਨੂੰ ਦੱਸਿਆ ਸੀ ਕਿ ਰਿਸ਼ਵਤ ਮਾਮਲੇ ‘ਚ ਸ਼ਾਮਲ ਵਿਚੋਲੇ ਕ੍ਰਿਸ਼ਨੁ ਸ਼ਾਰਦਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕ੍ਰਿਸ਼ਨੁ ਸ਼ਾਰਦਾ ਤੋਂ ਪੁੱਛਗਿੱਛ ਅਤੇ ਉਸ ਦੇ ਵਿੱਤੀ ਲੈਣ-ਦੇਣ ਦੀ ਜਾਂਚ ਦੌਰਾਨ ਡੀ.ਆਈ.ਜੀ. ਭੁੱਲਰ ਨਾਲ ਜੁੜੇ ਕਈ ਅਹਿਮ ਸੁਰਾਗ ਅਤੇ ਵਿੱਤੀ ਗੜਬੜੀਆਂ ਦੇ ਸਬੂਤ ਹੱਥ ਲੱਗੇ ਹਨ। ਇਸੇ ਆਧਾਰ ‘ਤੇ ਈ.ਡੀ. ਨੇ ਅਦਾਲਤ ਤੋਂ ਭੁੱਲਰ ਨੂੰ ਹਿਰਾਸਤ ‘ਚ ਲੈ ਕੇ ਆਹਮੋ-ਸਾਹਮਣੇ ਬਠਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਸੀ।

ਜਦੋਂ ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਸਰਕਾਰੀ ਅਤੇ ਨਿੱਜੀ ਨਿਵਾਸਾਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਤਾਂ ਉੱਥੋਂ ਕਈ ਹੈਰਾਨੀਜਨਕ ਚੀਜ਼ਾਂ ਅਤੇ ਦਸਤਾਵੇਜ਼ ਬਰਾਮਦ ਹੋਏ ਸਨ:
ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਮਹਿੰਗੀਆਂ ਲਗਜ਼ਰੀ ਘੜੀਆਂ ਜ਼ਬਤ ਕੀਤੀਆਂ ਗਈਆਂ ਸਨ।
ਜਾਂਚ ਟੀਮਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਖ਼ਾਸ ਕਰਕੇ ਮੋਹਾਲੀ, ਚੰਡੀਗੜ੍ਹ ਅਤੇ ਲੁਧਿਆਣਾ ਦੇ ਪ੍ਰਾਈਮ ਏਰੀਆ ਵਿੱਚ ਖ਼ਰੀਦੀਆਂ ਗਈਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ, ਪਲਾਟਾਂ, ਫਾਰਮ ਹਾਊਸਾਂ ਅਤੇ ਰਿਹਾਇਸ਼ੀ ਜਾਇਦਾਦਾਂ ਦੇ ਕਾਗਜ਼ਾਤ ਮਿਲੇ।
ਕਈ ਬੈਂਕ ਖ਼ਾਤਿਆਂ ਦੀਆਂ ਪਾਸਬੁੱਕਾਂ, ਚੈੱਕਬੁੱਕਾਂ ਅਤੇ ਬੈਂਕ ਲਾਕਰਾਂ ਦੀ ਜਾਣਕਾਰੀ ਸਾਹਮਣੇ ਆਈ, ਜਿਨ੍ਹਾਂ ਵਿੱਚ ਲੱਖਾਂ ਰੁਪਏ ਦੇ ਵਿੱਤੀ ਲੈਣ-ਦੇਣ ਦਾ ਰਿਕਾਰਡ ਦਰਜ ਸੀ।
ਈ.ਡੀ. ਮੁੱਖ ਤੌਰ ‘ਤੇ ਇਸ ਗੱਲ ਦੀ ਤਫ਼ਤੀਸ਼ ਕਰ ਰਹੀ ਹੈ ਕਿ ਰਿਸ਼ਵਤਖ਼ੋਰੀ ਅਤੇ ਅਹੁਦੇ ਦੇ ਦੁਰਉਪਯੋਗ ਰਾਹੀਂ ਇਕੱਠਾ ਕੀਤਾ ਗਿਆ ਕਾਲਾ ਧਨ ਕਿੱਥੇ-ਕਿੱਥੇ ਇਨਵੈਸਟ ਕੀਤਾ ਗਿਆ। ਏਜੰਸੀ ਇਹ ਪਤਾ ਲਗਾਉਣ ‘ਚ ਜੁਟੀ ਹੈ ਕਿ ਕੀ ਇਹ ਪੈਸਾ ਸ਼ੈੱਲ ਕੰਪਨੀਆਂ, ਬੇਨਾਮੀ ਜਾਇਦਾਦਾਂ ਜਾਂ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦੇ ਨਾਂ ‘ਤੇ ਚੱਲ ਰਹੇ ਕਾਰੋਬਾਰਾਂ ਵਿੱਚ ਲਗਾਇਆ ਗਿਆ ਸੀ। 9 ਅਕਤੂਬਰ ਨੂੰ ਹੋਣ ਵਾਲੀ ਪੇਸ਼ੀ ਤੋਂ ਬਾਅਦ ਅਦਾਲਤ ਵੱਲੋਂ ਈ.ਡੀ. ਨੂੰ ਭੁੱਲਰ ਦਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈ, ਇਸ ‘ਤੇ ਪੂਰੇ ਪੁਲਿਸ ਮਹਿਕਮੇ ਅਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।








