15 ਅਗਸਤ ਲਈ ਵਿਸ਼ੇਸ਼
ਗੋਆ ਦੀ ਅਜ਼ਾਦੀ ਦਾ ਮਹਾਨ ਸ਼ਹੀਦ : ਕਰਨੈਲ ਸਿੰਘ ਈਸੜੂ
ਦੇਸ਼ ਦੀ ਅਜ਼ਾਦੀ ਲਈ ਚੱਲੇ ਲੰਬੇ ਸੰਘਰਸ਼ ਦੌਰਾਨ ਭਾਵੇਂ ਦੇਸ਼ ਦੇ ਹਰ ਕੋਨੇ ਵਿਚ ਇਕ ਲਹਿਰ ਚੱਲੀ ਪ੍ਰੰਤੂ ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ ਵੀ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਖ਼ੂਬ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ ਤੇ ਸ਼ਹੀਦ ਊਧਮ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਿਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਿਆ| ਮਹਾਨ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਪਿੱਛੋਂ ਭਾਵੇਂ 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ, ਪਰ ਇਸ ਦੇ ਇਕ ਛੋਟੇ ਜਿਹੇ ਹਿੱਸੇ ਪੁਰਤਗਾਲ ਤੇ ਗੁਲਾਮੀ ਛਾਈ ਰਹੀ। ਗੋਆ ਵਿਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ। ਆਖ਼ਰ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ 15 ਅਗਸਤ 1955 ਵਿਚ ਭਾਰਤ ਵਾਸੀਆਂ ਨੇ ਗੋਆ ਨੂੰ ਗੈਰ-ਮੁਲਕੀ ਹਕੂਮਤ ਤੋਂ ਅਜ਼ਾਦ ਕਰਵਾਉਣ ਲਈ ਇਕ ਸੰਘਰਸ਼ ਸ਼ੁਰੂ ਕੀਤਾ, ਜਿਸ ਵਿਚ ਪੁਰਤਗਾਲ ਸਰਕਾਰ ਦੀ ਸੈਨਾ ਵੱਲੋਂ ਕੀਤੀ ਗਈ ਅੰਨ੍ਹੇਵਾਹ ਫ਼ਾਇਰਿੰਗ ਵਿਚ ਇਕੋ ਇਕ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ-30, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਅੱਜ-ਕੱਲ੍ਹ ਪਾਕਿਸਤਾਨ) ਵਿਚ ਪੈਦਾ ਹੋਏ। ਸੱਤਵੀਂ ਜਮਾਤ ਤੱਕ ਵਿੱਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ-51 ਵਿਚ ਹਾਸਲ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਸ. ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿਚ ਮੁੱਖ ਅਧਿਆਪਕ ਲੱਗੇ। ਕਰਨੈਲ ਸਿੰਘ ਨੇ ਵੀ ਉੱਥੇ ਹੀ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਠਵੀਂ ਉਸ ਸਕੂਲ ਤੋਂ ਹੀ ਪਾਸ ਕੀਤੀ। ਉਨ੍ਹਾਂ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਚ ਰਹਿਣ ਲੱਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਦੇ ਕੋਲ ਪਿੰਡ ਈਸੜੂ ਹੀ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਵਿਚ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਨੇ ਮੈਟ੍ਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ, ਜੋ ਕਿ ਇਕ ਤਰੱਕੀ ਪਸੰਦ ਸ਼ਾਇਰ ਵੀ ਸਨ, ਦੀਆਂ ਉਰਦੂ ਵਿਚ ਲਿਖੀਆਂ ਹੋਈਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ਤੇ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਅਤੇ ਉਹ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਖੰਨਾ ਦੇ ਸਕੂਲ ਵਿਚ ਫ਼ੀਸਾਂ ਵਧਾਉਣ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਹੋ ਗਿਆ ਅਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ।


![]()
ਗਰੀਬੀ ਦੇ ਕਾਰਨ ਉਹ ਕਾਲਜ ਵਿਚ ਦਾਖ਼ਲ ਨਾ ਹੋ ਸਕੇ। ਉਨ੍ਹਾਂ ਨੇ ਇਕ ਲਾਇਬ੍ਰੇਰੀ ਪਬਲਿਕ ਸਕੂਲ ਲਈ ਖੋਲ੍ਹੀ, ਜਿਸ ਦੇ ਪ੍ਰਧਾਨ ਉਹ ਆਪ ਹੀ ਬਣੇ ਅਤੇ ਪ੍ਰਾਈਵੇਟ ਤੌਰ ’ਤੇ ਐਫ਼.ਏ ਪਾਸ ਕੀਤੀ। ਆਪਣੇ ਵੱਡੇ ਭਰਾ ਦੇ ਕਹਿਣ ’ਤੇ ਉਨ੍ਹਾਂ ਨੇ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ ਅਤੇ ਖੰਨਾ ਨੇਡ਼ੇ ਪਿੰਡ ਬੰਬਾਂ ਵਿਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ। ਅਗਸਤ 1955 ਵਿਚ ਉਹ ਆਪਣਾ ਆਖ਼ਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ ਸਨ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਵਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿਚ ਵੀ ਗੋਆ ਦੇ ਸੱਤਿਆਗ੍ਰਹਿ ਵਿਚ ਸ਼ਾਮਲ ਹੋਣ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਮੈਂਬਰਾਂ ਤੋਂ ਇਜ਼ਾਜਤ ਲਏ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਸ.ਤਖ਼ਤ ਸਿੰਘ ਨੂੰ ਇਕ ਪੋਸਟ ਕਾਰਡ ਲਿਖ਼ਿਆ। ਜਿਸ ਵਿਚ ਉਨ੍ਹਾਂ ਨੇ ਲਿਖ਼ਿਆ ਕਿ ਮੈਂ ਲੁਧਿਆਣਾ ਤੋਂ ਆਪ ਜੀ ਨੂੰ ਇਹ ਪੋਸਟ ਕਾਰਡ ਇਸ ਲਈ ਪਾਇਆ ਹੈ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ, ਜਦ ਮੈਂ ਲੁਧਿਆਣਾ ਤੋਂ ਚੱਲ ਪਵਾਂਗਾ, ਫ਼ਿਰ ਮੈਨੂੰ ਵੱਡੇ ਭਰਾ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ। ਇੰਨਾ ਜ਼ਜਬਾ ਸੀ, ਉਨ੍ਹਾਂ ਵਿਚ ਗੋਆ ਦੇ ਸੱਤਿਆਗ੍ਰਹਿ ਵਿਚ ਹਿੱਸਾ ਲੈਣ ਦਾ ਅਤੇ ਇਥੋਂ ਹੀ ਉਨ੍ਹਾਂ ਖੰਨਾ ਦੇ ਇਕ ਹੋਟਲ ਵਾਲੇ ਆਪਣੇ ਦੋਸਤ ਨੱਥੂ ਰਾਮ ਨੂੰ ਇਕ ਖ਼ਤ ਲਿਖਿਆ ਕਿ ਉਹ ਉਸ ਦੀ ਮਾਤਾ ਨੂੰ ਇਹ ਸੁਨੇਹਾ ਪਹੁੰਚਾ ਦੇਣ ਕਿ ਕਰਨੈਲ ਸਿੰਘ ਗੋਆ ਵਿਚ ਸੱਤਿਆਗ੍ਰਹਿ ਕਰਨ ਚਲਾ ਗਿਆ ਹੈ। ਗੋਆ ਪੁੱਜ ਕੇ ਜਦੋਂ ਦੇਸ਼ ਦੇ ਮਰਜੀਵਡ਼ਿਆਂ ਦੀ ਭਾਰੀ ਭੀਡ਼ ਨੇ ਪੁਰਤਗਾਲੀਆਂ ਨੂੰ ਉਥੋਂ ਭਜਾ ਦਿੱਤਾ ਅਤੇ ਇਸੇ ਦੌਰਾਨ ਕਰਨੈਲ ਸਿੰਘ ਨੇ ਉਥੇ ਜਦੋਂ ਤਿਰੰਗਾ ਝੰਡਾ ਝੁਲਾਉਣ ਲਈ ਮਿਨਾਰ ਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ ਅਤੇ ਪੰਜਾਬ ਦੀ ਧਰਤੀ ਨੂੰ ਆਪਣਾ ਸਿਰ ਉੱਚਾ ਕਰਨ ਦਾ ਮੌਕਾ ਦੇ ਗਏ। ਉਨ੍ਹਾਂ ਦੀ ਯਾਦ ਵਿਚ ਜਿੱਥੇ ਗੋਆ ਵਿਖੇ ਵੀ ਇਕ ਆਲੀਸ਼ਾਨ ਸ਼ਹੀਦੀ ਯਾਦਗਾਰ ਉਸਾਰੀ ਹੋਈ ਹੈ ਉੱਥੇ ਹੀ ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ਉੱਤੇ 12 ਕਿਲੋਮੀਟਰ ਦੀ ਦੂਰੀ ’ਤੇ ਹੈ, ਵਿਖੇ ਸ਼ਹੀਦ ਦੀ ਸਮਾਧੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲੱਗਾ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਇਸ ਤੋਂ ਇਲਾਵਾ ਸ਼ਹੀਦ ਦੇ ਨਾਂਅ ਤੇ ਪਿੰਡ ਵਿਚ ਹੀ ਇਕ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇਥੇ ਇਕ ਖੇਡ ਸਟੇਡੀਅਮ ਅਤੇ ਖੰਨਾ ਵਿਖੇ ਇਕ ਬਜ਼ਾਰ ਦਾ ਨਾਂਅ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂਅ ਤੇ ਰੱਖਿਆ ਗਿਆ ਹੈ। ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ 15 ਅਗਸਤ ਨੂੰ ਈਸੜੂ ਵਿਖੇ ਹਰ ਵਰ੍ਹੇ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਪੁੱਜਦੇ ਹਨ। ਇਸ ਮੌਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਅਨੇਕਾਂ ਆਗੂ ਪੁੱਜ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਅੱਜ 15 ਅਗਸਤ ਨੂੰ ਉਨ੍ਹਾਂ ਦੇ 71ਵੇਂ ਸ਼ਹੀਦੀ ਦਿਵਸ ਤੇ ਪਿੰਡ ਈਸੜੂ ਵਿਖੇ ਭਾਰੀ ਜੋੜ ਮੇਲਾ ਲੱਗ ਰਿਹਾ ਹੈ।










