
ਮੋਹਾਲੀ – ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ ਸੱਤ ਦਿਨ ਹੋ ਚੁੱਕੇ ਹਨ, ਪਰ ਹਮਲਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈl ਇਸ ਦੌਰਾਨ ਇਰਾਨ ਨੇ ਇਜ਼ਰਾਈਲ ਦੇ ਬੇਰਸ਼ੇਬਾ ਵਿੱਚ ਸੋਰੋਕਾ ਹਸਪਤਾਲ ਅਤੇ ਹੋਰ ਨਾਗਰਿਕ ਖੇਤਰਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ, ਜਿਸ ਨਾਲ ਇਜ਼ਰਾਈਲ ਵਿੱਚ ਵਿਆਪਕ ਗੁੱਸਾ ਫੈਲ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਹੁਣ ਇਰਾਨ ਦੇ ਤਾਨਾਸ਼ਾਹਾਂ ਨਾਲ “ਪੂਰਾ ਸਕੋਰ ਸੈਟਲ” ਕਰਨਗੇ।
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਕਾਇਰ ਇਰਾਨੀ ਤਾਨਾਸ਼ਾਹ ਆਪਣੇ ਬੰਕਰਾਂ ਵਿੱਚ ਲੁਕੇ ਹੋਏ ਹਨ ਅਤੇ ਹਸਪਤਾਲਾਂ- ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਸਭ ਤੋਂ ਗੰਭੀਰ ਯੁੱਧ ਅਪਰਾਧ ਹੈ ਅਤੇ ਇਰਾਨ ਦੇ ਸੁਪਰੀਮ ਲੀਡਰ ਖਾਮਨੇਈ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ।”
ਪ੍ਰਧਾਨ ਮੰਤਰੀ ਨੇਤਨਯਾਹੂ ਤੇ ਰੱਖਿਆ ਮੰਤਰੀ ਕਾਟਜ਼ ਨੇ ਇਹ ਵੀ ਐਲਾਨ ਕੀਤਾ ਕਿ ਇਜ਼ਰਾਈਲ ਰੱਖਿਆ ਬਲਾਂ ਨੂੰ ਇਜ਼ਰਾਈਲ ਵਿਰੁੱਧ ਵਧ ਰਹੇ ਖਤਰਿਆਂ ਨੂੰ ਖ਼ਤਮ ਕਰਨ ਅਤੇ ਇਰਾਨ ਦੇ ਸ਼ਾਸਨ ਨੂੰ ਕਮਜ਼ੋਰ ਕਰਨ ਲਈ, ਤਹਿਰਾਨ ਵਿੱਚ ਇਰਾਨ ਦੀਆਂ ਮਹੱਤਵਪੂਰਨ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ‘ਤੇ ਹਮਲੇ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਰਾਨ ਦੁਆਰਾ ਕੀਤਾ ਗਿਆ ਇਹ ਹਮਲਾ ਇਜ਼ਰਾਈਲ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਘਾਤਕ ਹਮਲਾ ਸੀ। ਇਹ ਸਿਰਫ਼ ਫੌਜੀ ਠਿਕਾਣਿਆਂ ਤੱਕ ਸੀਮਤ ਨਹੀਂ ਸੀ, ਸਗੋਂ ਤੇਲ ਅਵੀਵ ਵਿੱਚ ਸਥਿਤ ਇਜ਼ਰਾਈਲੀ ਸਟਾਕ ਐਕਸਚੇਂਜ ਵੀ ਇਸਦੀ ਲਪੇਟ ਵਿੱਚ ਆ ਗਿਆ। ਹਮਲੇ ਦੀ ਤੀਬਰਤਾ ਪਹਿਲਾਂ ਦੇ ਕਿਸੇ ਵੀ ਹਮਲੇ ਨਾਲੋਂ ਕਿਤੇ ਜ਼ਿਆਦਾ ਸੀ ਅਤੇ ਇਹ ਇਜ਼ਰਾਈਲ ਲਈ ਇੱਕ ਗੰਭੀਰ ਖ਼ਤਰਾ ਬਣ ਗਿਆ ਹੈ।
ਇਜ਼ਰਾਈਲ ਨੇ ਆਪਣੀ ਫੌਜ ਰਾਹੀਂ ਇਰਾਨ ਦੇ ਅਰਕ ਵਿੱਚ ਸਥਿਤ ਪ੍ਰਮਾਣੂ ਰਿਐਕਟਰ ‘ਤੇ ਹਮਲਾ ਕੀਤਾ। ਇਹ ਰਿਐਕਟਰ ਪਲੂਟੋਨੀਅਮ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਸਦੀ ਵਰਤੋਂ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਵਿੱਚ ਕੀਤੀ ਜਾ ਸਕਦੀ ਹੈ। ਇਜ਼ਰਾਈਲ ਨੇ ਕਿਹਾ ਕਿ ਇਸ ਹਮਲੇ ਦਾ ਉਦੇਸ਼ ਰਿਐਕਟਰ ਦੇ ਉਸ ਹਿੱਸੇ ਨੂੰ ਤਬਾਹ ਕਰਨਾ ਸੀ ਜੋ ਪ੍ਰਮਾਣੂ ਹਥਿਆਰ ਬਣਾਉਣ ਵਿੱਚ ਮਦਦਗਾਰ ਹੋ ਸਕਦਾ ਹੈ।
ਇਸ ਫੌਜੀ ਕਾਰਵਾਈ ਵਿੱਚ, ਇਜ਼ਰਾਈਲੀ ਫੌਜ ਨੇ 40 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨੇ ਇਰਾਨ ਦੇ ਕਈ ਫੌਜੀ ਅਤੇ ਉਦਯੋਗਿਕ ਠਿਕਾਣਿਆਂ ‘ਤੇ ਬੰਬਾਰੀ ਕੀਤੀ। ਇਨ੍ਹਾਂ ਠਿਕਾਣਿਆਂ ਵਿੱਚ ਮਿਜ਼ਾਈਲ ਬਣਾਉਣ ਵਾਲੀਆਂ ਫੈਕਟਰੀਆਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੀਆਂ ਅਸੈਂਬਲੀ ਸਾਈਟਾਂ ਵੀ ਸ਼ਾਮਲ ਸਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਇਹ ਹਮਲਾ ਇਰਾਨ ਦੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਅਤੇ ਉਨ੍ਹਾਂ ਦੇ ਖ਼ਤਰਿਆਂ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ।