ਪੜੌਲ ਪਿੰਡ ‘ਚ ਫਾਇਰਿੰਗ ਤੋਂ ਬਾਅਦ ਦਹਿਸ਼ਤ !
ਮੋਹਾਲੀ ਦੇ ਸ਼ਾਂਤ ਮੰਨੇ ਜਾਂਦੇ ਨਿਊ ਚੰਡੀਗੜ੍ਹ ਖੇਤਰ ਦੇ ਪਿੰਡ ਪੜੌਲ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਅਚਾਨਕ ਤਾਬੜਤੋੜ ਗੋਲੀਆਂ ਚੱਲਣ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਪਿੰਡ ਦੇ ਮੌਜੂਦਾ ਪੰਚ ਸੁਖਵੰਤ ਸਿੰਘ ਉਰਫ਼ ਸੱਤੀ ਪਹਿਲਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ‘ਤੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ। ਇਸ ਭਿਆਨਕ ਹਮਲੇ ਦੌਰਾਨ ਸੱਤੀ ਪਹਿਲਵਾਨ ਨੂੰ ਲਗਭਗ 5 ਤੋਂ 7 ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਹ ਖ਼ੂਨ ਨਾਲ ਲੱਤਪੱਥ ਹੋ ਕੇ ਮੌਕੇ ‘ਤੇ ਹੀ ਢਹਿ-ਢੇਰੀ ਹੋ ਗਏ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬੜੀ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋਣ ‘ਚ ਕਾਮਯਾਬ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਗੰਭੀਰ ਰੂਪ ‘ਚ ਜ਼ਖ਼ਮੀ ਸੁਖਵੰਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੋਹਾਲੀ ਪੁਲਿਸ ਦੀਆਂ ਆਲਾ ਟੀਮਾਂ ਭਾਰੀ ਫੋਰਸ ਨਾਲ ਪਿੰਡ ਪੜੌਲ ਪਹੁੰਚੀਆਂ ਅਤੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਮੌਕੇ ਤੋਂ ਗੋਲੀਆਂ ਦੇ ਖ਼ੋਲ ਬਰਾਮਦ ਕੀਤੇ ਗਏ ਹਨ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦਿਨ-ਦਿਹਾੜੇ ਵਾਪਰੀ ਇਸ ਵਾਰਦਾਤ ਤੋਂ ਬਾਅਦ ਪੂਰੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।










