ਹਾਈਕੋਰਟ ਦੇ ਚੀਫ਼ ਜਸਟਿਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸ਼ੁੱਕਰਵਾਰ ਰਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਮੁੱਖ ਨਿਆਧੀਸ਼ ਦਾ ਪਦ ਸੰਭਾਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ। ਉਨ੍ਹਾਂ ਗੁਰੂ ਘਰ ਵਿੱਚ ਮਾਥਾ ਟੇਕ ਕੇ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ, ਸੁਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਅਧਿਆਤਮਿਕ ਵਾਤਾਵਰਨ ਨੂੰ ਵੀ ਮਹਿਸੂਸ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਨੁਮਾਇੰਦਿਆਂ ਵੱਲੋਂ ਮੁੱਖ ਨਿਆਧੀਸ਼ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਅਤੇ ਸਿੱਖ ਧਰਮ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਅਤੇ ਚਲਾਈਆਂ ਜਾ ਰਹੀਆਂ ਸੇਵਾਵਾਂ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਸ਼ਾਂਤੀ, ਸੇਵਾ, ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਅਸਥਾਨ ਹੈ, ਜਿੱਥੋਂ ਹਰ ਕਿਸੇ ਨੂੰ ਆਪਸੀ ਸਦਭਾਵਨਾ ਦੀ ਪ੍ਰੇਰਨਾ ਮਿਲਦੀ ਹੈ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ, ਸੀ.ਜੇ.ਐੱਮ. ਸੁਪ੍ਰੀਤ ਕੌਰ, ਸਿਵਲ ਜੱਜ ਅਮਨਦੀਪ ਸਿੰਘ ਘੁੰਮਣ ਅਤੇ ਵਧੀਕ ਕਮਿਸ਼ਨਰ ਜੈ ਇੰਦਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।









