BREAKING

AmritsarIndiaPakistanPunjab

ਲਾਹੌਰ ‘ਚ ‘ਲਾਲ ਖੂਹ’ ਦੀ ਜਾਂਚ ਲਈ ਮੰਗ

ਲਾਹੌਰ ‘ਚ ‘ਲਾਲ ਖੂਹ’ ਦੀ ਜਾਂਚ ਲਈ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਇੱਕ ਵਿਸ਼ੇਸ਼ ਪੱਤਰ ਭੇਜ ਕੇ ਲਾਹੌਰ ਸਥਿਤ ਸਿੱਖ ਇਤਿਹਾਸ ਨਾਲ ਸਬੰਧਤ ਅਸਥਾਨਾਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਅੰਦਰੂਨ ਲਾਹੌਰ ਵਿੱਚ ਸਥਿਤ ਇਤਿਹਾਸਕ ਵਿਰਾਸਤੀ ਥਾਵਾਂ ਦੀ ਪੂਰੀ ਸੁਰੱਖਿਆ ਅਤੇ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਤੁਰੰਤ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।

‘ਲਾਲ ਖੂਹ’ ਦੀ ਮੌਜੂਦਾ ਸਥਿਤੀ ਦੀ ਜਾਂਚ ਅਤੇ ਉਸਾਰੀ ਰੋਕਣ ਦੀ ਅਪੀਲ:
ਜਥੇਦਾਰ ਗੜਗੱਜ ਨੇ ਪੱਤਰ ‘ਚ ਖ਼ਾਸ ਤੌਰ ‘ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜੁੜੇ ਇਤਿਹਾਸਕ ਅਸਥਾਨ ‘ਲਾਲ ਖੂਹ, ਕੱਟੜੀ ਚੰਦੂ’ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਇਸ ਅਸਥਾਨ ਦੇ ਆਸ-ਪਾਸ ਅਣਅਧਿਕਾਰਤ ਉਸਾਰੀਆਂ ਹੋਣ ਦਾ ਮੁੱਦਾ ਧਿਆਨ ‘ਚ ਲਿਆਂਦਾ ਗਿਆ ਹੈ, ਜੋ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵੀਚਾਰ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਅਧਿਕਾਰਤ ਪੱਧਰ ‘ਤੇ ਜਾਂਚ ਕਰਵਾਈ ਜਾਵੇ ਅਤੇ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ, ਉਦੋਂ ਤੱਕ ਉੱਥੇ ਚੱਲ ਰਹੀ ਕਿਸੇ ਵੀ ਤਰ੍ਹਾਂ ਦੀ ਉਸਾਰੀ ਜਾਂ ਤਬਦੀਲੀ ‘ਤੇ ਤੁਰੰਤ ਰੋਕ ਲਗਾਈ ਜਾਵੇ।

 

ਲਾਹੌਰ ‘ਚ ਸਿੱਖ ਵਿਰਾਸਤ ਦਾ ਵਿਆਪਕ ਸਰਵੇਖਣ ਕਰਵਾਉਣ ਦਾ ਸੁਝਾਅ:
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਇਸ ਪੱਤਰ ‘ਚ ਜਥੇਦਾਰ ਨੇ ਕਿਹਾ ਕਿ ਇਸ ਦਾ ਮਕਸਦ ਦੋਸ਼ ਲਗਾਉਣਾ ਨਹੀਂ, ਸਗੋਂ ਸਾਂਝੀ ਇਤਿਹਾਸਕ ਵਿਰਾਸਤ ਨੂੰ ਬਚਾਉਣਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ‘ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ’, ਪੁਰਾਤੱਤਵ ਵਿਭਾਗ, ਸਿੱਖ ਇਤਿਹਾਸਕਾਰਾਂ ਅਤੇ PSGPC ਦੇ ਨੁਮਾਇੰਦਿਆਂ ਦੀ ਸਾਂਝੀ ਟੀਮ ਬਣਾ ਕੇ ਲਾਹੌਰ ‘ਚ ਬਚੀਆਂ ਸਾਰੀਆਂ ਸਿੱਖ ਇਤਿਹਾਸਕ ਨਿਸ਼ਾਨੀਆਂ ਦਾ ਸਰਵੇਖਣ ਕਰਵਾਇਆ ਜਾਵੇ।

ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਦੀ ਆਸ:
ਜਥੇਦਾਰ ਨੇ ਕਿਹਾ ਕਿ ਸਮੇਂ ਦੇ ਬਦਲਾਅ ਅਤੇ ਸ਼ਹਿਰੀ ਵਿਕਾਸ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਮਿਟ ਚੁੱਕੀਆਂ ਹਨ, ਇਸ ਲਈ ਬਚੀਆਂ ਹੋਈਆਂ ਨਿਸ਼ਾਨੀਆਂ ਨੂੰ ਕਾਨੂੰਨੀ ਤੌਰ ‘ਤੇ ਸੁਰੱਖਿਅਤ ਵਿਰਾਸਤੀ ਅਸਥਾਨਾਂ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨ ਪੰਜਾਬ ਸਰਕਾਰ ਇਸ ਮਾਮਲੇ ‘ਤੇ ਗੰਭੀਰਤਾ ਨਾਲ ਕਾਰਵਾਈ ਕਰੇਗੀ ਅਤੇ ਇਸ ਸਬੰਧੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਂਝੀ ਕੀਤੀ ਜਾਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds