BREAKING

ChandigarhPunjab

CM ਰਿਹਾਇਸ਼ ਘੇਰਨ ਨਿਕਲੀਆਂ ਕਾਂਗਰਸੀ ਬੀਬੀਆਂ!

ਚੰਡੀਗੜ੍ਹ ‘ਚ ਗਰਮਾਇਆ ਮਾਹੌਲ, CM ਰਿਹਾਇਸ਼ ਘੇਰਨ ਨਿਕਲੀਆਂ ਕਾਂਗਰਸੀ ਬੀਬੀਆਂ!

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਅੱਜ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਅਤੇ ਔਰਤ ਵਿਰੋਧੀ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ “ਬਲਾਤਕਾਰੀਆਂ ਦੀ ਪਨਾਹਗਾਹ” ਕਰਾਰ ਦਿੱਤਾ।ਜਦੋਂ ਮਹਿਲਾ ਕਾਰਕੁਨਾਂ ਦਾ ਵੱਡਾ ਇਕੱਠ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧਿਆ, ਤਾਂ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਭਾਰੀ ਬੈਰੀਕੇਡਿੰਗ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀ ਬਹਿਸਬਾਜ਼ੀ ਵੀ ਹੋਈ।

5 ਕਰੋੜ ਦੇ ਲੈਣ-ਦੇਣ ਦੇ ਲਾਏ ਗੰਭੀਰ ਦੋਸ਼
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ ਨੇ ਸੂਬਾ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਘਿਨਾਉਣੇ ਬਲਾਤਕਾਰ ਮਾਮਲੇ ਦੇ ਦੋਸ਼ੀ ਨੂੰ ਰਿਹਾਅ ਕਰਵਾਉਣ ਲਈ 5 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ। ਉਨ੍ਹਾਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

“ਔਰਤਾਂ ਨਾਲ ਹੋ ਰਿਹਾ ਕੋਝਾ ਮਜ਼ਾਕ”
ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਤਨਜ਼ ਕੱਸਦਿਆਂ ਮਹਿਲਾ ਆਗੂਆਂ ਨੇ ਕਿਹਾ ਕਿ ਜਿੱਥੇ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਮਹਿਜ਼ 1,000-1,500 ਰੁਪਏ ਦੇ ਵਾਅਦਿਆਂ ਨਾਲ ਡੰਗ-ਟਪਾਊ ਨੀਤੀ ਰਾਹੀਂ ਪਾਸੇ ਕੀਤਾ ਜਾ ਰਿਹਾ ਹੈ, ਉੱਥੇ ਹੀ ਪੈਸੇ ਦੇ ਦਮ ‘ਤੇ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਪੰਜਾਬ ਦੀਆਂ ਔਰਤਾਂ ਨਾਲ ਸ਼ਰੇਆਮ ਵਿਤਕਰਾ ਅਤੇ ਧੋਖਾ ਦੱਸਿਆ।

ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ, ਦਿੱਤੀ ਚੇਤਾਵਨੀ
ਮੁਹਾਲੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਅਤੇ ਸੂਬਾ ਸਕੱਤਰ ਚਰਨਜੀਤ ਕੌਰ ਨੇ ਪੁਲਿਸ ਦੀ ਬਲਪ੍ਰਯੋਗ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਵਰਕਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ, ਫਿਰ ਵੀ ਪ੍ਰਸ਼ਾਸਨ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਢੁੱਕਵੀਂ ਕਾਰਵਾਈ ਨਾ ਹੋਈ ਤਾਂ ਇਹ ਅੰਦੋਲਨ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ-ਪਿੰਡ ਤੱਕ ਫੈਲਾਇਆ ਜਾਵੇਗਾ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds