BREAKING

Chandigarh

ਰਾਜ ਪੱਧਰੀ ‘ਰੈੱਡ ਰਨ ਮੈਰਾਥਨ-2026’

ਰਾਜ ਪੱਧਰੀ ‘ਰੈੱਡ ਰਨ ਮੈਰਾਥਨ-2026’, ਚੰਡੀਗੜ੍ਹ ਯੂਨੀਵਰਸਿਟੀ ‘ਚ ਗੁਰਭਿੰਦਰ ਤੇ ਮਨਦੀਪ ਨੇ ਮਾਰੀ ਬਾਜ਼ੀ

ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ‘ਰਾਜ ਪੱਧਰੀ 5 ਕਿਲੋਮੀਟਰ ਰੈੱਡ ਰਨ ਮੈਰਾਥਨ-2026’ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਦੌੜ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣਾ ਅਤੇ ਐੱਚ.ਆਈ.ਵੀ. (HIV) ਪ੍ਰਤੀ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਸੀ। ਇਸ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕਲੱਬ ਮੁਕਾਬਲਿਆਂ ਦੇ 138 ਜੇਤੂ ਲੜਕੇ ਅਤੇ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ. ਸਹਿਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਹਰੀ ਝੰਡੀ ਦਿਖਾ ਕੇ ਮੈਰਾਥਨ ਨੂੰ ਰਵਾਨਾ ਕੀਤਾ।

ਮੈਰਾਥਨ ਦੇ ਲੜਕਿਆਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ (ਪੀ.ਆਈ.ਐੱਸ. ਸੈਂਟਰ), ਪਟਿਆਲਾ ਦੇ ਗੁਰਭਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਬਿਕਰਮ ਸਿੰਘ ਦੂਜੇ, ਮਹਿੰਦਰਾ ਕਾਲਜ ਪਟਿਆਲਾ ਦੇ ਦਿਲਬਰ ਸਿੰਘ ਤੀਜੇ ਅਤੇ ਸਰਕਾਰੀ ਕਾਲਜ ਲੁਧਿਆਣਾ ਦੇ ਅਕਾਸ਼ ਪ੍ਰਜਾਪਤੀ ਚੌਥੇ ਸਥਾਨ ‘ਤੇ ਰਹੇ। ਦੂਜੇ ਪਾਸੇ ਲੜਕੀਆਂ ਦੇ ਵਰਗ ਵਿੱਚ ਖਾਲਸਾ ਕਾਲਜ ਫਾਰ ਵੂਮੈਨ, ਹੁਸ਼ਿਆਰਪੁਰ ਦੀ ਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਦੀ ਰਾਜਵਿੰਦਰ ਕੌਰ ਦੂਜੇ, ਜੀ.ਜੀ.ਐਸ. ਕਾਲਜ ਸਰਦੂਲਗੜ੍ਹ ਦੀ ਮਹਿਕਪ੍ਰੀਤ ਕੌਰ ਤੀਜੇ ਅਤੇ ਏ.ਸੀ.ਪੀ.ਈ. ਮਸਤੂਆਣਾ ਸਾਹਿਬ ਦੀ ਗਗਨਦੀਪ ਕੌਰ ਚੌਥੇ ਸਥਾਨ ‘ਤੇ ਰਹੀ।

ਜੇਤੂ ਖਿਡਾਰੀਆਂ ਨੂੰ ਡਿਪਟੀ ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਅਧਿਕਾਰੀ ਸ੍ਰੀਮਤੀ ਗੁਰਪ੍ਰੀਤ ਕੌਰ ਵੱਲੋਂ ਜੇਤੂਆਂ ਲਈ 50,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਗਈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਰਾਥਨ ਦੇ ਦੋਵਾਂ ਵਰਗਾਂ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਖਿਡਾਰੀ ਅਗਲੇ ਮਹੀਨੇ ਹੋਣ ਵਾਲੀ ‘ਨੈਸ਼ਨਲ ਰੈੱਡ ਰਨ ਮੈਰਾਥਨ’ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕੀ ਸਹਿਯੋਗ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਗਰਾਮ ਅਫ਼ਸਰ ਸ੍ਰੀ ਗੁਰਚੇਤ ਸਿੰਘ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds