ਅੰਮ੍ਰਿਤਸਰ ‘ਚ ਤੜਕੇ ਹਈ BSF ਦੀ ਵੱਡੀ ਕਾਰਵਾਈ !
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਅਕਸਰ ਹੀ BSP ਦਾ SEARCH OPERATION ਚਲਦਾ ਰਹਿੰਦਾ ਹੈ। ਅੱਜ ਤੜਕੇ ਹੀ ਅੰਮ੍ਰਿਤਸਰ ਦੇ ਪਿੰਡ ਦਾਊਂਕੇ ਵਿਖੇ ਬੀ.ਐਸ.ਐਫ. (BSF) ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਘਰਿੰਡਾ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਕੰਡਿਆਲੀ ਤਾਰ ਦੇ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨ ਇਲਾਕੇ ਵਿੱਚ ਰੁਟੀਨ ਗਸ਼ਤ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਕੰਡਿਆਲੀ ਤਾਰ ਦੇ ਨੇੜੇ ਝਾੜੀਆਂ ਵਿੱਚ ਕੁਝ ਹਲਚਲ ਦੇਖੀ।

ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਅਤੇ ਤਲਾਸ਼ੀ ਦੌਰਾਨ ਫ਼ੌਜੀਆਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਝਾੜੀਆਂ ਤੋਂ ਬਾਹਰ ਕੱਡਿਆ ਪਰ ਉਸ ਵਿਅਕਤੀ ਵੱਲੋਂ ਕੰਡੇਦਾਰ ਤਾਰਾਂ ਵਾਲੀ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ BSF ਦੇ ਜਵਾਨਾਂ ਨੇ ਉਸਨੂੰ ਅੱਗੇ ਨਾ ਵਧਣ ਦੀ ਚੇਤਾਵਨੀ ਦਿੱਤੀ ਪਰ ਚੇਤਾਵਨੀ ਦੇ ਬਾਅਦ ਵੀ ਉਹ ਲਗਾਤਾਰ ਅੱਗੇ ਵਧਦਾ ਰਿਹਾ। ਸਥਿਤੀ ਦਾ ਜਾਇਜ਼ਾ ਲੈਂਦਿਆ BSF ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਦੂਜੇ ਪਾਸੇ ਗੋਲੀ ਲੱਗਣ ਨਾਲ ਘੁਸਪੈਠੀਏ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਬਾਰੇ ਤੁਰੰਤ ਘਰਿੰਡਾ ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦਾ ਕਹਿਣਾ ਹੈ ਕੇ ਮ੍ਰਿਤਕ ਦੇ ਕੋਲੋ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਉਸ ਦੀ ਪਛਾਣ ਬਾਰੇ ਵੀ ਅਜੇ ਕਿਸੀ ਨੂੰ ਕੋਈ ਜਾਣਕਾਰੀ ਨਹੀਂ ਹੈ। ਘਰਿੰਡਾ ਪੁਲਿਸ ਨੇ ਬੀ.ਐਸ.ਐਫ. ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਹੁਣ ਉਸ ਵਿਅਕਤੀ ਵੱਲੋਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਮਕਸਦ ਦੀ ਜਾਂਚ ਕਰ ਰਹੀਆਂ ਹਨ। ਇਸ ਘਟਨਾ ਤੋਂ ਬਾਅਦ, ਬੀ.ਐਸ.ਐਫ. (BSF) ਦੇ ਜਵਾਨ ਆਸ-ਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਹੱਦ ‘ਤੇ ਕੋਈ ਹੋਰ ਸ਼ੱਕੀ ਗਤੀਵਿਧੀ ਨਹੀਂ ਹੋ ਰਹੀ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਘੁਸਪੈਠ ਦੀ ਪੂਰੀ ਘਟਨਾ ਬਾਰੇ ਹੋਰ ਵੇਰਵੇ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਉਮੀਦ ਹੈ।










