ਲੁਧਿਆਣਾ ‘ਚ ਸਨਸਨੀਖੇਜ਼ ਵਾਰਦਾਤ, ਬੇਰਹਿਮੀ ਨਾਲ ਕੀਤਾ ਕਤਲ !
ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਆਉਂਦੇ ਪਿੰਡ ਸੀਲੋ ਕਲਾਂ ਵਿੱਚ 50 ਸਾਲਾ ਰੁਲਦੂ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਖਾਨਪੁਰ ਨਹਿਰ ਦੀ ਪਟੜੀ ਨੇੜੇ ਇੱਕ ਖਾਲੀ ਖੇਤ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਹਲੋਂ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਮ੍ਰਿਤਕ ਦੇ ਭਰਾ ਕਾਕਾ ਸਿੰਘ ਅਨੁਸਾਰ, ਰੁਲਦੂ ਸਿੰਘ ਕੁਏਂ ਖੋਦਣ ਦਾ ਕੰਮ ਕਰਦਾ ਸੀ ਅਤੇ ਕਈ ਸਾਲ ਪਹਿਲਾਂ ਉਸ ਦਾ ਤਲਾਕ ਹੋ ਚੁੱਕਾ ਸੀ। ਉਹ 10 ਸਤੰਬਰ ਨੂੰ ਦੁਪਹਿਰ ਸਮੇਂ ਆਪਣੀ ਬਾਈਕ ਘਰ ਹੀ ਛੱਡ ਕੇ ਕਿਸੇ ਅਣਪਛਾਤੇ ਵਿਅਕਤੀ ਨਾਲ ਗਿਆ ਸੀ, ਪਰ ਬਾਅਦ ਵਿੱਚ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ‘ਤੇ 11 ਸਤੰਬਰ ਨੂੰ ਉਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਪਰਿਵਾਰ ਨੇ ਫਿਲਹਾਲ ਕਿਸੇ ਵੀ ਵਿਅਕਤੀ ‘ਤੇ ਸ਼ੱਕ ਜ਼ਾਹਰ ਨਹੀਂ ਕੀਤਾ ਹੈ।
ਕਤਲ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਥਾਣਾ ਡੇਹਲੋਂ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 103 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁੱਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ‘ਤੇ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।










