ਬਟਾਲਾ ‘ਚ ਸਨਸਨੀ, 5 ਭੈਣਾਂ ਦੇ ਇਕਲੌਤੇ ਭਰਾ ਦਾ ਸ਼ਰੇਆਮ ਕਤਲ
ਬਟਾਲਾ ਦੇ ਪਿੰਡ ਮੱਲਿਆਂਵਾਲ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇਰ ਸ਼ਾਮ ਘਰ ਦੇ ਬਾਹਰ ਸੈਰ ਕਰ ਰਹੇ ਇੱਕ 35 ਸਾਲਾ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਗੱਲਬਾਤ ਦੇ ਬਹਾਨੇ ਰੋਕਿਆ ਗਿਆ ਅਤੇ ਫਿਰ ਬਹਿਸ ਤੋਂ ਬਾਅਦ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਫਲਜੀਤ ਸਿੰਘ ਉਰਫ਼ ਲਾਲੀ (35) ਪੁੱਤਰ ਸੁਲੱਖਣ ਸਿੰਘ, ਵਾਸੀ ਪਿੰਡ ਮੱਲਿਆਂਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਫਲਜੀਤ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ, ਜਦੋਂ ਕੁਝ ਵਿਅਕਤੀ ਪੈਦਲ ਉਸ ਕੋਲ ਆਏ। ਗੱਲਬਾਤ ਕਰਦੇ-ਕਰਦੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਹਮਲਾਵਰਾਂ ਨੇ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ।

ਗੰਭੀਰ ਹਾਲਤ ‘ਚ ਪਰਿਵਾਰ ਵਾਲੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਚਾਚਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਤਲ ਸ਼ਰੀਕੇਬਾਜ਼ੀ ਅਤੇ ਰੰਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰੀਕੇ ‘ਚ ਪਹਿਲਾਂ ਤੋਂ ਹੀ ਕੰਬਾਈਨ ਦਾ ਕੰਮ ਸੀ, ਪਰ ਜਦੋਂ ਫਲਜੀਤ ਨੇ ਵੀ ਆਪਣੀ ਕੰਬਾਈਨ ਖ਼ਰੀਦੀ ਤਾਂ ਉਸ ਦਾ ਕੰਮ ਵਧੀਆ ਚੱਲ ਪਿਆ। ਇਸੇ ਗੱਲ ਨੂੰ ਲੈ ਕੇ ਦੂਜਾ ਪੱਖ ਰੰਜਿਸ਼ ਰੱਖਣ ਲੱਗ ਪਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਦੇ ਪਿਤਾ ਦੀ ਮਹੀਨਾ ਪਹਿਲਾਂ ਹੀ ਮੌਤ ਹੋਈ ਸੀ। ਫਲਜੀਤ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਪੰਜ ਭੈਣਾਂ ਨੂੰ ਛੱਡ ਗਿਆ ਹੈ।
ਬਟਾਲਾ ਸਿਵਲ ਹਸਪਤਾਲ ਦੇ ਡਾਕਟਰ ਵਿਪਨਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ, ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇਹ ਨੂੰ ਮੋਰਚਰੀ ‘ਚ ਰਖਵਾ ਕੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।










