ਗਾਇਕ ਦੇ ਘਰ ‘ਤੇ ਗੋਲੀਆਂ ਦੀ ਬਾਰਿਸ਼, ਵੀਡੀਓ ਵਾਇਰਲ!
ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ‘ਤੇ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬਾਈਕ ‘ਤੇ 3 ਨੌਜਵਾਨ ਘਰ ਦੇ ਨੇੜੇ ਆਉਂਦੇ ਦਿਖਾਈ ਦੇ ਰਹੇ ਹਨ।ਘਰ ਦੇ ਬਾਹਰ ਪਹੁੰਚਦਿਆਂ ਹੀ ਨੌਜਵਾਨਾਂ ਨੇ ਬਾਈਕ ਰੋਕੀ। ਇਸ ਤੋਂ ਬਾਅਦ ਵਿਚਕਾਰ ਬੈਠੇ ਨੌਜਵਾਨ ਨੇ ਪਿਸਤੌਲ ਲੋਡ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਫਾਇਰਿੰਗ ਕੀਤੀ, ਜਦਕਿ ਬਾਈਕ ਚਲਾ ਰਹੇ ਤੀਜੇ ਨੌਜਵਾਨ ਨੇ ਵੀਡੀਓ ਬਣਾਈ।ਇਸ ਤੋਂ ਬਾਅਦ ਤਿੰਨੋਂ ਨੌਜਵਾਨ ਕਰੀਬ 8 ਰਾਊਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਹਾਲਾਂਕਿ ਗੋਲੀਆਂ ਘਰ ਦੇ ਗੇਟ ‘ਤੇ ਲੱਗੀਆਂ ਹਨ।ਇਸੇ ਦੌਰਾਨ ਗੈਂਗਸਟਰ ਡੋਨੀ ਬੱਲ ਦਾ ਇੱਕ ਆਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਆਂ ਚਲਾਉਣ ਦੀ ਗੱਲ ਕਹੀ ਹੈ।

ਪ੍ਰੋਗਰਾਮਾਂ ਦੇ ਸਿਲਸਿਲੇ ‘ਚ ਵਿਦੇਸ਼ ਗਏ ਹਨ ਸਿੱਧੂ
ਘਟਨਾ ਸ਼ਨੀਵਾਰ-ਐਤਵਾਰ ਦੀ ਵਿਚਕਾਰਲੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ। ਵਾਰਦਾਤ ਸਮੇਂ ਗਾਇਕ ਗੁਲਾਬ ਸਿੱਧੂ ਘਰ ‘ਚ ਮੌਜੂਦ ਨਹੀਂ ਸਨ। ਪਰਿਵਾਰ ਮੁਤਾਬਕ ਉਹ ਅੱਜ-ਕੱਲ੍ਹ ਮਿਊਜ਼ਿਕਲ ਸ਼ੋਅ ਅਤੇ ਪ੍ਰੋਗਰਾਮਾਂ ਦੇ ਸਿਲਸਿਲੇ ‘ਚ ਵਿਦੇਸ਼ ਗਏ ਹੋਏ ਹਨ।ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਲੋਕਾਂ ਨੇ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਅਜਿਹੇ ‘ਚ ਪੁਲਿਸ ਇਸ ਫਾਇਰਿੰਗ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ।
ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਘਟਨਾ ਦੀ ਇੱਤਲਾ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਫਾਇਰਿੰਗ ਦੀ ਪੁਸ਼ਟੀ ਕੀਤੀ ਹੈ।ਆਸ-ਪਾਸ ਦੇ ਰਸਤਿਆਂ ਅਤੇ ਪਿੰਡ ਦੇ ਮੁੱਖ ਮਾਰਗਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਸਬੂਤ ਇਕੱਠੇ ਕਰਕੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।









