ਕੇਦਾਰਨਾਥ ਮਾਰਗ ‘ਤੇ ਵੱਡਾ ਹਾਦਸਾ, ਪਹਾੜ ਤੋਂ ਡਿੱਗਿਆ ਮਲਬਾ !
ਕੇਦਾਰਨਾਥ ਪੈਦਲ ਮਾਰਗ ‘ਤੇ ਲਗਾਤਾਰ ਪੈ ਰਹੇ ਮੀਂਹ ਦੇ ਵਿਚਕਾਰ ਪਹਾੜੀ ਤੋਂ ਵੱਡੇ ਪੱਥਰ (ਬੋਲਡਰ) ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ‘ਤੇ ਚੀਰਬਾਸਾ ਹੈਲੀਪੈਡ ਨੇੜੇ ਐਤਵਾਰ ਸ਼ਾਮ ਅਚਾਨਕ ਵੱਡੇ ਬੋਲਡਰ ਡਿੱਗਣ ਕਾਰਨ ਇੱਕ ਘੋੜਾ ਚਾਲਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਹਾਦਸੇ ਤੋਂ ਬਾਅਦ DDRF, YMF ਅਤੇ ਆਪਦਾ ਮਿੱਤਰਾਂ ਦੀ ਟੀਮ ਨੇ ਬਚਾਅ ਅਭਿਆਨ ਚਲਾ ਕੇ ਜ਼ਖ਼ਮੀ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਗੌਰੀਕੁੰਡ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਆਸੂ (19) ਪੁੱਤਰ ਚੌਹਾਨ ਸਿੰਘ, ਨਿਵਾਸੀ ਸਿਲਕੋਟ ਪਿੰਡ (ਗੈਰਸੈਂਣ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਚੀਰਬਾਸਾ ਹੈਲੀਪੈਡ ਨੇੜੇ ਅਚਾਨਕ ਪਹਾੜੀ ਤੋਂ ਵੱਡੇ ਪੱਥਰ ਡਿੱਗਣ ਲੱਗੇ, ਜਿਸ ਦੀ ਲਪੇਟ ‘ਚ ਆਉਣ ਨਾਲ ਆਸੂ ਗੰਭੀਰ ਜ਼ਖ਼ਮੀ ਹੋ ਗਿਆ। ਐਤਵਾਰ ਸਵੇਰੇ ਵੀ ਇਸੇ ਪੈਦਲ ਮਾਰਗ ‘ਤੇ ਬੋਲਡਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸ਼ਾਮ ਨੂੰ ਵਾਪਰੀ ਇਸ ਦੂਜੀ ਘਟਨਾ ਨਾਲ ਯਾਤਰਾ ਮਾਰਗ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ।
ਲਗਾਤਾਰ ਪੱਥਰ ਡਿੱਗਣ ਕਾਰਨ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕਾਂ, ਘੋੜਾ-ਖੱਚਰ ਚਾਲਕਾਂ ਅਤੇ ਮਜ਼ਦੂਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ ਕੇਦਾਰਨਾਥ ਯਾਤਰਾ ਮਾਰਗ ‘ਤੇ ਆਵਾਜਾਈ ਬੇਹੱਦ ਮੁਸ਼ਕਿਲ ਹੋ ਗਈ ਹੈ। ਫਿਲਹਾਲ ਭੀਮਬਲੀ ਤੋਂ ਕੇਦਾਰਨਾਥ ਵਿਚਕਾਰ ਕਰੀਬ 1,000 ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ‘ਚੋਂ ਕਈ ਯਾਤਰੀਆਂ ਦੀ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਹੈ। ਪ੍ਰਸ਼ਾਸਨ ਅਤੇ ਰੇਸਕਿਊ ਟੀਮਾਂ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਜੁਟੀਆਂ ਹੋਈਆਂ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਵੇਦਨਸ਼ੀਲ ਇਲਾਕਿਆਂ ਦਾ ਤੁਰੰਤ ਨਿਰੀਖਣ ਕਰਵਾ ਕੇ ਯਾਤਰੀਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।









