ਕਾਨਪੁਰ ਵਿੱਚ ਟਰੇਨੀ ਜਹਾਜ਼ ਕ੍ਰੈਸ਼, ਹਾਦਸੇ ‘ਚ 2 ਲੋਕਾਂ ਦੀ ਮੌਤ
ਕਾਨਪੁਰ ਤੋਂ ਇੱਕ ਵੱਡੀ ਅਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੀਰਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਕਾਨਪੁਰ ਦੇ ਗੰਗਾ ਬੈਰਾਜ ਨੇੜੇ ਸਥਿਤ ਨੱਥਾ ਪੁਰਵਾ ਪਿੰਡ ਵਿੱਚ ਇੱਕ ਟਰੇਨੀ ਜਹਾਜ਼ ਹਾਦਸਾਗ੍ਰਸਤ ਹੋ ਕੇ ਜ਼ਮੀਨ ‘ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਟਰੇਨਰ ਅਤੇ ਟਰੇਨੀ ਪਾਇਲਟ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਇਹ ਜਹਾਜ਼ ‘ਗਰਗ ਐਵੀਏਸ਼ਨ’ ਕੰਪਨੀ ਦਾ ਸੀ, ਜੋ ਕਿ 4 ਸੀਟਰ ਟਵਿਨ ਇੰਜਨ ਏਅਰਕ੍ਰਾਫਟ ਸੀ। ਜਹਾਜ਼ ਨੇ ਵੀਰਵਾਰ ਸਵੇਰੇ ਲਗਭਗ 11:20 ਵਜੇ ਕਾਨਪੁਰ ਕੈਂਟ ਇਲਾਕੇ ਤੋਂ ਟ੍ਰੇਨਿੰਗ ਉਡਾਣ ਲਈ ਟੇਕ-ਆਫ ਕੀਤਾ ਸੀ। ਪਰ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ, ਲਗਭਗ 11:50 ਵਜੇ ਅਸਮਾਨ ਵਿੱਚ ਹੀ ਅਚਾਨਕ ਧਮਾਕਾ ਹੋਇਆ ਅਤੇ ਜਹਾਜ਼ ਬੇਕਾਬੂ ਹੋ ਕੇ ਗਵਾਲਟੋਲੀ ਥਾਣਾ ਖੇਤਰ ਦੇ ਨੱਥਾ ਪੁਰਵਾ ਪਿੰਡ ਵਿੱਚ ਆ ਡਿੱਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਦੇ ਜ਼ਮੀਨ ‘ਤੇ ਡਿੱਗਦੇ ਹੀ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਸਥਾਨਕ ਲੋਕਾਂ ਦੀ ਭਾਰੀ ਭੀੜ ਮੌਕੇ ‘ਤੇ ਜਮ੍ਹਾਂ ਹੋ ਗਈ।

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਦੋਵਾਂ ਪਾਇਲਟਾਂ ਦੀ ਪਛਾਣ ਹੋ ਗਈ ਹੈ। ਹਾਦਸੇ ਵਿੱਚ ਮਾਰੇ ਗਏ ਟਰੇਨਰ ਪਾਇਲਟ ਦੀ ਪਛਾਣ ਗੁਜਰਾਤ ਦੇ ਰਹਿਣ ਵਾਲੇ ਸਚਿਨ ਭਾਟੀਆ ਵਜੋਂ ਹੋਈ ਹੈ, ਜਦੋਂ ਕਿ ਉਡਾਣ ਦੀ ਸਿਖਲਾਈ ਲੈ ਰਹੇ ਟਰੇਨੀ ਪਾਇਲਟ ਦੀ ਪਛਾਣ ਕਰਨਾਟਕ ਦੇ ਅਭਿਸ਼ੇਕ ਪੁਜਾਰੀ ਵਜੋਂ ਹੋਈ ਹੈ। ਘਟਨਾ ਦੀਆਂ ਜੋ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਉਹ ਬਹੁਤ ਹੀ ਖੌਫਨਾਕ ਹਨ। ਉੱਚਾਈ ਤੋਂ ਡਿੱਗਣ ਕਾਰਨ ਜਹਾਜ਼ ਪੂਰੀ ਤਰ੍ਹਾਂ ਮਲਬੇ ਵਿੱਚ ਤਬਦੀਲ ਹੋ ਗਿਆ ਅਤੇ ਇਸ ਦੀ ਇੱਕ ਸੀਟ ਉੱਖੜ ਕੇ ਬਾਹਰ ਜਾ ਡਿੱਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਰਘੁਵੀਰ ਲਾਲ, ਐਡੀਸ਼ਨਲ ਸੀਪੀ ਸੰਕਲਪ ਸ਼ਰਮਾ, ਵਿਪਿਨ ਤਾੜਾ ਅਤੇ ਸੀਐਫਓ ਦੀਪਕ ਸ਼ਰਮਾ ਸਮੇਤ ਭਾਰੀ ਪੁਲਿਸ ਬਲ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਦੂਜੇ ਪਾਸੇ, ਕੰਪਨੀ ਦਾ ਦਾਅਵਾ ਹੈ ਕਿ ਇਸ ਏਅਰਕ੍ਰਾਫਟ ਕੋਲ 3 ਹਜ਼ਾਰ ਘੰਟੇ ਦੀ ਫਲਾਇੰਗ ਦਾ ਸਰਟੀਫਿਕੇਟ ਸੀ ਅਤੇ 2023 ਤੋਂ ਕੰਪਨੀ ਕੋਲ ਮੌਜੂਦ ਇਸ ਜਹਾਜ਼ ਦੀ ਦੇਖਭਾਲ (ਮੇਨਟੇਨੈਂਸ) ਵਿੱਚ ਕੋਈ ਕਮੀ ਨਹੀਂ ਸੀ।ਫ਼ਿਲਹਾਲ ਪੁਲਿਸ ਅਤੇ ਤਕਨੀਕੀ ਟੀਮਾਂ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਉਡਾਣ ਦੌਰਾਨ ਅਜਿਹੀ ਕਿਹੜੀ ਖਰਾਬੀ ਆਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।










