ਸਿੱਕਮ ਦੀ ਨਿਰਮਾਣ ਅਧੀਨ ਸੁਰੰਗ ‘ਤੇ ਢਿੱਗਾਂ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ
ਸਿੱਕਮ ਵਿੱਚ ਸੋਮਵਾਰ ਨੂੰ ਇੱਕ ਸੁਰੰਗ ‘ਤੇ ਢਿੱਗਾਂ ਡਿੱਗਣ ਕਾਰਨ ਉਸ ਦਾ ਐਂਟਰੀ ਗੇਟ ਬੰਦ ਹੋ ਗਿਆ, ਜਿਸ ਨਾਲ ਅੰਦਰ ਮੌਜੂਦ 27 ਮਜ਼ਦੂਰ ਫਸ ਗਏ। ਇਹਨਾਂ ਵਿੱਚੋਂ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਬਾਕੀ 20 ਮਜ਼ਦੂਰ ਹਾਲੇ ਵੀ ਅੰਦਰ ਫਸੇ ਹੋਏ ਹਨ।
ਨਾਮਚੀ ਜ਼ਿਲ੍ਹੇ ਦੇ ਮਾਮਰਿੰਗ ਸਥਿਤ ਸਮਰਦੁੰਗ ਸੁਰੰਗ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਸੀ। ਜ਼ਿਲ੍ਹਾ ਕਲੈਕਟਰ ਅਨੂਪਾ ਤਾਮਲਿੰਗ ਨੇ ਦੱਸਿਆ ਕਿ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਗਿਣਤੀ 27 ਤੋਂ ਘੱਟ ਜਾਂ ਵੱਧ ਵੀ ਹੋ ਸਕਦੀ ਹੈ।
ਸੁਰੰਗ ਵਿੱਚ ਮੀਥੇਨ ਗੈਸ ਲੀਕ ਹੋਣ ਦਾ ਖਦਸ਼ਾ ਹੈ। ਇਸ ਵਜ੍ਹਾ ਕਰਕੇ ਰਾਹਤ ਅਤੇ ਬਚਾਅ ਕਾਰਜ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕਈ ਬਚਾਅ ਕਰਮਚਾਰੀਆਂ ਨੂੰ ਅੰਦਰ ਜਾਣ ਦੌਰਾਨ ਚੱਕਰ ਆਏ ਅਤੇ ਕੁਝ ਬੇਹੋਸ਼ ਵੀ ਹੋ ਗਏ, ਜਿਸ ਨਾਲ ਰੈਸਕਿਊ ਆਪ੍ਰੇਸ਼ਨ ਪ੍ਰਭਾਵਿਤ ਹੋਇਆ।

ਬੰਗਾਲ ਤੋਂ ਮੰਗਵਾਈ ਗਈ ਵਿਸ਼ੇਸ਼ ਰੈਸਕਿਊ ਟੀਮ
ਜ਼ਿਲ੍ਹਾ ਅਧਿਕਾਰੀ ਤਾਮਲਿੰਗ ਨੇ ਦੱਸਿਆ ਕਿ ਦੁਪਹਿਰ ਲਗਭਗ 3:40 ਵਜੇ ਪ੍ਰਸ਼ਾਸਨ ਨੂੰ ਹਾਦਸੇ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਜ਼ਿਲ੍ਹਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਸੁਰੰਗ ਵਿੱਚ ਪਟੇਲ ਇੰਜੀਨੀਅਰਿੰਗ ਦੇ 21 ਅਤੇ ਐੱਨ.ਐੱਚ.ਪੀ.ਸੀ. ਦੇ 6 ਸਮੇਤ ਕੁੱਲ 27 ਮਜ਼ਦੂਰ ਫਸੇ ਹੋਣ ਦਾ ਖਦਸ਼ਾ ਹੈ। ਪੱਛਮੀ ਬੰਗਾਲ ਤੋਂ ਵੀ ਗੈਸ-ਰੋਧੀ ਉਪਕਰਨਾਂ ਨਾਲ ਇੱਕ ਵਿਸ਼ੇਸ਼ ਰੈਸਕਿਊ ਟੀਮ ਬੁਲਾਈ ਗਈ ਹੈ।
ਅਧਿਕਾਰੀਆਂ ਮੁਤਾਬਕ, ਸੁਰੰਗ ਵਿੱਚ ਮੀਥੇਨ ਗੈਸ, ਘੱਟ ਥਾਂ ਅਤੇ ਖਰਾਬ ਰੋਸ਼ਨੀ ਕਾਰਨ ਬਚਾਅ ਅਭਿਆਨ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਫਿਲਹਾਲ ਸਭ ਤੋਂ ਵੱਡੀ ਪ੍ਰਾਥਮਿਕਤਾ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।
ਐਂਬੂਲੈਂਸਾਂ ਨੂੰ ਤਿਆਰ ਰੱਖਿਆ ਗਿਆ ਹੈ। ਬਚਾਅ ਦਲ ਗੈਸ ਮਾਸਕ ਪਾ ਕੇ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸੁਰੰਗ ਤੀਸਤਾ ਸਟੇਜ-6 ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਪਟੇਲ ਇੰਜੀਨੀਅਰਿੰਗ ਕੰਪਨੀ ਬਣਾ ਰਹੀ ਸੀ।










