50 ਹਜ਼ਾਰ ਦੀ ਰਿਸ਼ਵਤ ਲੈਂਦੀ SHO ਸੁਨੀਤਾ ਬਾਵਾ ਰੰਗੇ ਹੱਥੀਂ ਕਾਬੂ!
ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਵੱਡੀ ਕਾਰਵਾਈ ਕੀਤੀ ਹੈ। NDPS ਕੇਸ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਰਿਸ਼ਵਤ ਮੰਗਣ ਦੇ ਦੋਸ਼ ਹੇਠ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ (SHO) ਇੰਸਪੈਕਟਰ ਸੁਨੀਤਾ ਬਾਵਾ ਅਤੇ PHC ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਾਣਕਾਰੀ ਮੁਤਾਬਕ ਪਿੰਡ ਨੂਰਪੁਰਾ ਹਕੀਮਾਂ (ਜ਼ਿਲ੍ਹਾ ਮੋਗਾ) ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮੁਦੱਈ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ‘ਚ ਦਰਜ ਇੱਕ NDPS ਐਕਟ ਦੇ ਮਾਮਲੇ ਵਿੱਚ ਉਸ ਨੂੰ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ PHC ਗੁਰਅਵਤਾਰ ਸਿੰਘ ਨੇ 1 ਲੱਖ ਰੁਪਏ ਰਿਸ਼ਵਤ ਮੰਗੀ ਸੀ, ਜੋ ਬਾਅਦ ਵਿੱਚ 80 ਹਜ਼ਾਰ ਰੁਪਏ ‘ਚ ਤੈਅ ਹੋਈ।ਗੁਰਅਵਤਾਰ ਸਿੰਘ ਪਹਿਲਾਂ ਹੀ ਵੱਖ-ਵੱਖ ਤਾਰੀਖ਼ਾਂ ‘ਚ 20 ਹਜ਼ਾਰ ਰੁਪਏ ਹਾਸਲ ਕਰ ਚੁੱਕਾ ਸੀ। ਜਦੋਂ ਉਸ ਨੇ ਬਾਕੀ ਰਹਿੰਦੇ 60 ਹਜ਼ਾਰ ਰੁਪਏ ਮੰਗੇ ਤਾਂ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਕਾਲ ਰਿਕਾਰਡਿੰਗ ਕਰਕੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਪਾਸ ਪੇਸ਼ ਕਰ ਦਿੱਤੀ।
ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਨੰਬਰ 21 ਦਰਜ ਕਰਕੇ ਜਾਲ ਵਿਛਾਇਆ। ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਿਜੀਲੈਂਸ ਟੀਮ ਨੇ ਪਹਿਲਾਂ PHC ਗੁਰਅਵਤਾਰ ਸਿੰਘ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ।ਗੁਰਅਵਤਾਰ ਸਿੰਘ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਇਹ 50 ਹਜ਼ਾਰ ਰੁਪਏ ਦੀ ਰਿਸ਼ਵਤ ਥਾਣਾ ਮੁੱਖ ਅਫ਼ਸਰ ਸੁਨੀਤਾ ਬਾਵਾ ਨੂੰ ਦਿੱਤੀ ਜਾਣੀ ਸੀ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਇੰਸਪੈਕਟਰ ਸੁਨੀਤਾ ਬਾਵਾ ਨੂੰ ਵੀ ਰਿਸ਼ਵਤ ਦੇ ਪੈਸੇ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਅਤੇ 50,000 ਰੁਪਏ ਦੀ ਬਰਾਮਦਗੀ ਕੀਤੀ।
ਇਸ ਪੂਰੇ ਮਾਮਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਅਗਲੇਰੀ ਤਫ਼ਤੀਸ਼ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ, ਪੰਜਾਬ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੀ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਵਿਜੀਲੈਂਸ ਨੂੰ ਦਿੱਤੀ ਜਾਵੇ, ਤਾਂ ਜੋ ਭ੍ਰਿਸ਼ਟ ਅਫ਼ਸਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।









