1 ਲੱਖ ‘ਚ ਮਾਸੂਮ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਅਗਵਾਕਾਰ
ਜਲੰਧਰ ਦੇ ਬਸਤੀ ਬਾਵਾ ਖੇਲ ਅਧੀਨ ਪੈਂਦੇ ਪੰਨੂ ਵਿਹਾਰ ਤੋਂ ਅਗਵਾ ਹੋਏ 4 ਸਾਲਾ ਮਾਸੂਮ ਕੇਸ਼ਵ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ 72 ਘੰਟਿਆਂ ਦੇ ਅੰਦਰ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਦੂਜਾ ਸਾਥੀ ਹਾਲੇ ਵੀ ਫ਼ਰਾਰ ਹੈ। ਪੁਲਿਸ ਮੁਤਾਬਕ ਅਗਵਾਕਾਰ ਮਾਸੂਮ ਬੱਚੇ ਨੂੰ 1 ਲੱਖ ਰੁਪਏ ‘ਚ ਵੇਚਣ ਦੀ ਫ਼ਿਰਾਕ ਵਿੱਚ ਸਨ, ਪਰ ਸ਼ਹਿਰ ‘ਚ ਪੁਲਿਸ ਦੀ ਸਖ਼ਤ ਨਾਕਾਬੰਦੀ ਕਾਰਨ ਉਹ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋ ਸਕੇ।

ਫ਼ੜੇ ਗਏ ਮੁਲਜ਼ਮ ਦੀ ਪਛਾਣ ਰਜਤ ਰੱਤੂ ਉਰਫ਼ ਰੌਕੀ, ਵਾਸੀ ਆਦਮਪੁਰ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਡਰਾਈਵਰ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਆਦਿੱਤਿਆ ਵਾਰੀਅਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਚੇ ਦਾ ਸੌਦਾ 1 ਲੱਖ ਰੁਪਏ ‘ਚ ਕੀਤਾ ਸੀ, ਜਿਸ ਲਈ ਉਨ੍ਹਾਂ ਨੇ 20 ਹਜ਼ਾਰ ਰੁਪਏ ਅਡਵਾਂਸ ਵੀ ਲਏ ਸਨ। ਅਗਵਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਕੱਪੜੇ ਬਦਲੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।ਹਾਲਾਂਕਿ, ਜਲੰਧਰ ਪੁਲਿਸ ਵੱਲੋਂ ਸ਼ਹਿਰ ਭਰ ‘ਚ ਕੀਤੀ ਗਈ ਸੀਲਿੰਗ ਅਤੇ ਸਖ਼ਤ ਨਾਕਾਬੰਦੀ ਕਾਰਨ ਅਗਵਾਕਾਰ ਘਬਰਾ ਗਏ ਅਤੇ ਬੱਚੇ ਨੂੰ ਬਸ ਸਟੈਂਡ ‘ਤੇ ਛੱਡ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ‘ਚ ਜਿਨ੍ਹਾਂ ਲੋਕਾਂ ਨੇ ਬੱਚੇ ਨੂੰ ਖ਼ਰੀਦਣਾ ਸੀ, ਉਨ੍ਹਾਂ ਨੂੰ ਵੀ ਕੇਸ ‘ਚ ਨਾਮਜ਼ਦ ਕਰ ਲਿਆ ਗਿਆ ਹੈ।
“ਪੁਲਿਸ ਨੇ 72 ਘੰਟਿਆਂ ਦੇ ਅੰਦਰ ਮੁਲਜ਼ਮ ਰਜਤ ਰੱਤੂ ਨੂੰ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੂਜਾ ਮੁਲਜ਼ਮ ਪ੍ਰਿੰਸ ਹਾਲੇ ਫ਼ਰਾਰ ਹੈ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫ਼ੜੇ ਗਏ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਮਾਮਲੇ ਦੇ ਹੋਰ ਖ਼ੁਲਾਸੇ ਹੋ ਸਕਣ।”










