ਅਮਰੀਕਾ ਵਿੱਚ ਭਾਰਤੀ ਮੂਲ ਦੀ ਲੜਕੀ ਦਾ ਕਤਲ !
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ ਦਿੱਤਾ ਗਿਆ। ਮੰਗਲਵਾਰ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਮੁਲਜ਼ਮ ਨੇ ਭਾਰਤੀ ਮੂਲ ਦੀ ਇਸ 38 ਸਾਲਾ ਔਰਤ ਦਾ ਪਿੱਛਾ ਕੀਤਾ ਗਿਆ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਕਾਤਲ ਦੀ ਪਛਾਣ ਰੋਹਿਤ ਨਾਮਕ 22 ਸਾਲਾ ਨੌਜਵਾਨ ਵਜੋਂ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਪੁਲਿਸ ਦੀ ਇੱਕ ਟੀਮ ਨੇ ਰੋਹਿਤ ਨੂੰ ਘੇਰ ਲਿਆ, ਤਾਂ ਉਸ ਨੇ ਖੁਦਕੁਸ਼ੀ ਕਰ ਲਈ।
ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਅਨੁਸਾਰ, ਸ਼ਾਲਿਨੀ ਸੈਕਰਾਮੈਂਟੋ ਦੇ ਆਰਡਨ-ਆਰਕੇਡ ਇਲਾਕੇ ਵਿੱਚ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਕੰਮ ਕਰਦੀ ਸੀ। ਜਦੋਂ ਉਹ ਕੰਮ ‘ਤੇ ਜਾ ਰਹੀ ਸੀ, ਤਾਂ ਰੋਹਿਤ ਨਾਮਕ ਇੱਕ ਸ਼ੱਕੀ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਬਿਨਾਂ ਦਸਤਾਵੇਜ਼ਾਂ ਵਾਲਾ ਇੱਕ ਪ੍ਰਵਾਸੀ ਸੀ, ਜਿ ਸਨੂੰ ਪਹਿਲਾਂ ਐਰੀਜ਼ੋਨਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਾਲਿਨੀ ਆਪਣੀ ਜਾਨ ਬਚਾਉਣ ਲਈ ਭੱਜੀ, ਪਰ ਰੋਹਿਤ ਨੇ ਉਸ ਦਾ ਪਿੱਛਾ ਕੀਤਾ ਅਤੇ ਕਈ ਗੋਲੀਆਂ ਚਲਾਈਆਂ। ਅਧਿਕਾਰੀਆਂ ਨੂੰ ਸ਼ਾਲਿਨੀ ‘ਹੋਵ ਐਵੇਨਿਊ’ ਦੇ 800 ਬਲਾਕ ਵਿੱਚ ਸਥਿਤ ‘ਪਨੇਰਾ ਬ੍ਰੈੱਡ’ ਰੈਸਟੋਰੈਂਟ ਦੇ ਬਾਹਰ ਬੇਸੁੱਧ ਹਾਲਤ ਵਿੱਚ ਮਿਲੀ; ਮੈਡੀਕਲ ਟੀਮ ਨੇ ਮੌਕੇ ‘ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਾਲਿਨੀ ਦੀ ਮਾਂ, ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਰੋਹਿਤ ਪਿਛਲੇ ਇੱਕ ਸਾਲ ਤੋਂ 38 ਸਾਲਾ ਸ਼ਾਲਿਨੀ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਰੋਹਿਤ ਉਨ੍ਹਾਂ ਦੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਮਰ ਦੇ ਫਰਕ ਕਾਰਨ ਸ਼ਾਲਿਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਗੁੱਸੇ ਵਿੱਚ ਆ ਗਿਆ ਸੀ।
ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਪਿੱਛਾ ਕਰਨ ਦਾ ਸਿਲਸਿਲਾ ਸਤੰਬਰ 2025 ਦੇ ਆਸ-ਪਾਸ ਸ਼ੁਰੂ ਹੋਇਆ ਅਤੇ ਸਮੇਂ ਦੇ ਨਾਲ ਇਸ ਦੀ ਗੰਭੀਰਤਾ ਵਧਦੀ ਗਈ। ਰੋਹਿਤ ਨੇ ਸ਼ਾਲਿਨੀ ‘ਤੇ ਆਪਣੇ ਨਾਲ ਵਿਆਹ ਕਰਨ ਲਈ ਦਬਾਅ ਪਾਇਆ ਅਤੇ ਉਸ ਦੇ ਮੇਲ-ਜੋਲ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਤਣਾਅ ਲਗਾਤਾਰ ਵਧਦਾ ਗਿਆ।










