ਕੈਨੇਡਾ ‘ਚ ਪਹਿਲੀ ਵਾਰ ਫਿਰੌਤੀ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ!
ਕੈਨੇਡਾ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੀ ਇੱਕ ਔਰਤ ਨੂੰ ਫਿਰੌਤੀ (ਐਕਸਟੌਰਸ਼ਨ) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਕੈਲਗਰੀ ਪੁਲਿਸ ਨੇ ਹੁਣ ਉਸ ਨੂੰ ਰਿਹਾਅ ਕਰ ਦਿੱਤਾ ਹੈ ਅਤੇ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪੁਲਿਸ ਦਾ ਦੋਸ਼ ਹੈ ਕਿ ਪੰਜਾਬੀ ਮੂਲ ਦੀ ਕਨੂੰਪ੍ਰੀਤ ਕੌਰ ਨੇ ਹੀ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੀੜਤ ਔਰਤ ਦੇ ਘਰ ਦਾ ਪਤਾ ਅਤੇ ਉਸ ਦੀ ਪਛਾਣ ਦੱਸੀ ਸੀ।
ਕੈਲਗਰੀ ਪੁਲਿਸ ਅਨੁਸਾਰ ਫਿਰੌਤੀ ਦੇ ਇਸ ਹਾਈ-ਪ੍ਰੋਫ਼ਾਈਲ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 25 ਮਾਰਚ ਨੂੰ ਪੀੜਤ ਔਰਤ ਦੇ ਵਟਸਐਪ ‘ਤੇ ਇੱਕ ਅਣਪਛਾਤੇ ਨੰਬਰ ਤੋਂ ਧਮਕੀ ਭਰਿਆ ਮੈਸੇਜ ਅਤੇ ਵੌਇਸ ਮੈਸੇਜ ਆਇਆ ਸੀ, ਜਿਸ ਵਿੱਚ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ। ਮੁਲਜ਼ਮਾਂ ਕੋਲ ਔਰਤ ਦਾ ਨਾਂ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਨਾਲ ਜੁੜੀ ਗੁਪਤ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਸੀ। ਧਮਕੀ ਮਿਲਣ ਦੇ ਮਹਿਜ਼ 12 ਘੰਟਿਆਂ ਦੇ ਅੰਦਰ ਬਦਮਾਸ਼ਾਂ ਨੇ ਔਰਤ ਦੇ ਘਰ ‘ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ‘ਚ ਫ਼ਰਾਰ ਹੋ ਗਏ, ਹਾਲਾਂਕਿ ਇਸ ਗੋਲੀਬਾਰੀ ‘ਚ ਕੋਈ ਜ਼ਖ਼ਮੀ ਨਹੀਂ ਹੋਇਆ।

ਸਥਾਨਕ ਪੁਲਿਸ (CPS) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਸ਼ਹਿਰ ਵਿੱਚ ਰੰਗਦਾਰੀ ਦੇ 51 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 19 ਕੇਸ ਸਿੱਧੇ ਤੌਰ ‘ਤੇ ਫਾਇਰਿੰਗ ਨਾਲ ਜੁੜੇ ਹੋਏ ਹਨ। ਪੁਲਿਸ ਹੁਣ ਤੱਕ ਇਹਨਾਂ ਮਾਮਲਿਆਂ ਵਿੱਚ 19 ਮੁਲਜ਼ਮਾਂ ‘ਤੇ 59 ਵੱਖ-ਵੱਖ ਚਾਰਜ ਲਗਾ ਚੁੱਕੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਕੋਈ ਵੀ ਧਮਕੀ ਆਉਣ ‘ਤੇ ਘਬਰਾ ਕੇ ਪੈਸੇ ਨਾ ਦੇਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਇਸ ਮਾਮਲੇ ਵਿੱਚ ਤਿੰਨ ਪੰਜਾਬੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੀੜਤਾ ਅਤੇ ਧਮਕੀ ਦੇਣ ਵਾਲਿਆਂ ਵਿਚਾਲੇ ਗੱਲਬਾਤ ਕਰਵਾਉਣ ਦੇ ਦੋਸ਼ ਵਿੱਚ 29 ਜੁਲਾਈ ਨੂੰ ਇੱਕ 17 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ‘ਯੂਥ ਕ੍ਰਿਮੀਨਲ ਜਸਟਿਸ ਐਕਟ’ ਤਹਿਤ ਪਛਾਣ ਗੁਪਤ ਰੱਖ ਕੇ ਰਿਹਾਅ ਕਰ ਦਿੱਤਾ ਗਿਆ। ਚੈਸਟਰਮੀਅਰ ਦੀ ਰਹਿਣ ਵਾਲੀ ਕਨੂੰਪ੍ਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ‘ਤੇ ਪੀੜਤਾ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਦੋਸ਼ ਹੈ; ਉਸ ਨੂੰ ਵੀ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਕੈਲਗਰੀ ਦੇ ਰਹਿਣ ਵਾਲੇ ਤਨਵੀਰ ਸਿੰਘ ਦੀ ਭਾਲ ਹੈ, ਜਿਸ ਖ਼ਿਲਾਫ਼ ਗੋਲੀਬਾਰੀ ‘ਚ ਵਰਤੀ ਗਈ ਚੋਰੀ ਦੀ ਗੱਡੀ ਰੱਖਣ ਦੇ ਦੋਸ਼ ਹੇਠ ਵਾਰੰਟ ਜਾਰੀ ਕੀਤਾ ਗਿਆ ਹੈ।










