ਮੁਹਾਲੀ- ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ ਅੱਠ ਦਿਨ ਹੋ ਚੁੱਕੇ ਹਨ, ਪਰ ਹਮਲਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈI ਇਸ ਦੇ ਨਾਲ ਹੀ ਇਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਈਰਾਨ ਸਰਕਾਰ ਨੇ ਖਾਸ ਤੌਰ ‘ਤੇ ਭਾਰਤ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ ਤਾਂ ਜੋ ਉੱਥੇ ਫਸੇ ਭਾਰਤੀ ਵਿਦਿਆਰਥੀ ਆਪਣੇ ਵਤਨ ਵਾਪਸ ਆ ਸਕਣ। ਭਾਰਤ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਸਿੰਧੂ’ ਨਾਮ ਦੀ ਇੱਕ ਐਮਰਜੈਂਸੀ ਨਿਕਾਸੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ, ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ 1,000 ਭਾਰਤੀ ਵਿਦਿਆਰਥੀ ਭਾਰਤ ਵਾਪਸ ਆਉਣਗੇ। ਪਹਿਲੀ ਉਡਾਣ ਸ਼ੁੱਕਰਵਾਰ ਰਾਤ 11 ਵਜੇ ਦਿੱਲੀ ਪਹੁੰਚੇਗੀ। ਦੂਜੀ ਅਤੇ ਤੀਜੀ ਉਡਾਣ ਸ਼ਨੀਵਾਰ ਨੂੰ ਹੋਵੇਗੀ, ਜਿਨ੍ਹਾਂ ‘ਚੋਂ ਇੱਕ ਸਵੇਰੇ ਦਿੱਲੀ ਆਵੇਗੀ ਅਤੇ ਦੂਜੀ ਸ਼ਾਮ ਨੂੰ।
ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ, ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਲਈ ਇਰਾਨ ਹਵਾਈ ਖੇਤਰ ਬੰਦ ਸੀ। ਇਰਾਨ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਕਾਰਨ ਸੁਰੱਖਿਆ ਨੂੰ ਖਤਰੇ ‘ਚ ਦੇਖਦੇ ਹੋਏ ਇਹ ਫੈਸਲਾ ਲਿਆ ਸੀ । ਅਜਿਹੇ ਮਾਹੌਲ ਵਿੱਚ, ਈਰਾਨ ਨੇ ਸਿਰਫ ਭਾਰਤ ਨੂੰ ਵਿਸ਼ੇਸ਼ ਇਜਾਜ਼ਤ ਦਿੱਤੀ ਹੈ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਜਾ ਸਕੇ।
ਆਪ੍ਰੇਸ਼ਨ ਸਿੰਧੂ ਭਾਰਤ ਸਰਕਾਰ ਦੁਆਰਾ ਚਲਾਇਆ ਜਾਣ ਵਾਲਾ ਇੱਕ ਵਿਸ਼ੇਸ਼ ਬਚਾਅ ਕਾਰਜ ਹੈ, ਜਿਸਦਾ ਉਦੇਸ਼ ਯੁੱਧ ਜਾਂ ਸੰਕਟਕਾਲੀਨ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਲਿਆਉਣਾ ਹੈ।
ਵਿਦਿਆਰਥੀ ਕਿੱਥੇ ਫਸੇ ਹੋਏ ਹਨ?
ਇਹ ਸਾਰੇ ਵਿਦਿਆਰਥੀ ਇਰਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਨ, ਜਿੱਥੇ ਉਹ ਪੜ੍ਹਾਈ ਜਾਂ ਹੋਰ ਕੰਮ ਲਈ ਗਏ ਹੋਏ ਹਨ। ਜੰਗ ਵਰਗੇ ਹਾਲਾਤਾਂ ਕਾਰਨ ਉਹ ਉੱਥੇ ਫਸ ਗਏ ਹਨ ਅਤੇ ਹੁਣ ਉਨ੍ਹਾਂ ਦੀ ਘਰ ਵਾਪਸੀ ਸੰਭਵ ਹੋ ਰਹੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਇੱਕ ਮਾਨਵਤਾਵਾਦੀ ਮਿਸ਼ਨ ਹੈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਇਸ ਲਈ, ਭਾਰਤੀ ਦੂਤਾਵਾਸ ਅਤੇ ਏਅਰਲਾਈਨਾਂ ਮਿਲ ਕੇ ਕੰਮ ਕਰ ਰਹੀਆਂ ਹਨ।









