ਲੁਧਿਆਣਾ ਦੇ ਫ਼ਾਈਵ ਸਟਾਰ ਹੋਟਲ ‘ਪਾਰਕ ਪਲਾਜ਼ਾ’ ‘ਚ ਰੇਡ
ਲੁਧਿਆਣਾ ਦੇ ਪ੍ਰਸਿੱਧ ਫ਼ਾਈਵ ਸਟਾਰ ਹੋਟਲ ‘ਪਾਰਕ ਪਲਾਜ਼ਾ’ (Park Plaza) ਵਿੱਚ ਬੈਂਕ ਦੀਆਂ ਟੀਮਾਂ ਨੇ ਭਾਰੀ ਪੁਲਿਸ ਬਲ ਨਾਲ ਰੇਡ ਕੀਤੀ ਹੈ। ਸੂਤਰਾਂ ਮੁਤਾਬਕ ਹੋਟਲ ਅੰਦਰ ਇੱਕ ਸੈਲੂਨ ਦੇ ਨਾਲ-ਨਾਲ ਕੁਝ ਕਮਰੇ ਸੀਲ ਕੀਤੇ ਜਾ ਰਹੇ ਹਨ। ਬੈਂਕ ਅਤੇ ਪੁਲਿਸ ਦੇ ਉੱਚ ਅਧਿਕਾਰੀ ਹੋਟਲ ਦੇ ਅੰਦਰ ਮੌਜੂਦ ਹਨ, ਜਦਕਿ ਬਾਹਰ ਮੁੱਖ ਗੇਟ ‘ਤੇ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ।
ਇਹ ਹੋਟਲ ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੱਸੀ ਖੰਗੂੜਾ ਕਾਂਗਰਸ ਛੱਡ ਕੇ ਆਪ (AAP) ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ ਬਾਅਦ ਵਿੱਚ ਉਹ ‘ਆਪ’ ਨੂੰ ਅਲਵਿਦਾ ਆਖ ਕੇ ਦੁਬਾਰਾ ਕਾਂਗਰਸ ਵਿੱਚ ਪਰਤ ਆਏ ਅਤੇ ਫ਼ਿਲਹਾਲ ਮਲੇਰਕੋਟਲਾ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ। ਜਦੋਂ ਉਹ ਆਪ ਵਿੱਚ ਸਨ, ਤਾਂ ਅਰਵਿੰਦ ਕੇਜਰੀਵਾਲ ਦੇ ਕਰੀਬੀਆਂ ਵਿੱਚ ਗਿਣੇ ਜਾਂਦੇ ਸਨ ਅਤੇ ਕੇਜਰੀਵਾਲ ਆਪਣੇ ਲੁਧਿਆਣਾ ਦੌਰਿਆਂ ਦੌਰਾਨ ਭਾਈ ਵਾਲਾ ਚੌਂਕ ਸਥਿਤ ਇਸੇ ਹੋਟਲ ਵਿੱਚ ਠਹਿਰਦੇ ਸਨ।

ਸਵੇਰੇ ਪਹੁੰਚੀਆਂ ਟੀਮਾਂ: ਬੈਂਕ ਦੀਆਂ ਟੀਮਾਂ ਸਵੇਰੇ ਹੀ ਪੁਲਿਸ ਨਾਲ ਹੋਟਲ ਪਹੁੰਚ ਗਈਆਂ ਸਨ। ਅਧਿਕਾਰੀ ਪਿਛਲੇ ਕੁਝ ਘੰਟਿਆਂ ਤੋਂ ਅੰਦਰ ਮੌਜੂਦ ਹਨ ਅਤੇ ਹੋਟਲ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਬੈਂਕ ਜਾਂ ਪੁਲਿਸ ਵੱਲੋਂ ਇਸ ਕਾਰਵਾਈ ਦੀ ਅਧਿਕਾਰਤ ਵਜ੍ਹਾ ਸਪੱਸ਼ਟ ਨਹੀਂ ਕੀਤੀ ਗਈ ਹੈ।
ਹੋਟਲ ਦਾ ਕੰਮਕਾਜ ਜਾਰੀ: ਪੁਲਿਸ ਅਤੇ ਬੈਂਕ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਹੋਟਲ ਦੀਆਂ ਆਮ ਸੇਵਾਵਾਂ ਅਤੇ ਮਹਿਮਾਨਾਂ ਦੀ ਆਵਾਜਾਈ ਆਮ ਵਾਂਗ ਸੁਚਾਰੂ ਰੂਪ ਵਿੱਚ ਚੱਲ ਰਹੀ ਹੈ।
ਮਸ਼ਹੂਰ ਹਸਤੀਆਂ ਦੀ ਪਸੰਦ: ਇਸ ਹੋਟਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ, ਅਰਵਿੰਦ ਕੇਜਰੀਵਾਲ ਸਮੇਤ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਅਤੇ ਅਕਸ਼ੈ ਕੁਮਾਰ ਵੀ ਠਹਿਰ ਚੁੱਕੇ ਹਨ।










