ਲੁਧਿਆਣਾ ‘ਚ ਕਾਰੋਬਾਰੀ ਨੂੰ ਗੈਂਗਸਟਰ ਤੋਂ ਮਿਲੀ ਧਮਕੀ
“ਪੰਜਾਬ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਸ਼ਹੂਰ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਨਾਮੀ ਗੈਂਗਸਟਰ ਗੋਲਡੀ ਬਰਾਰ ਦੱਸਦਿਆਂ ਪਰਿਵਾਰ ਤੋਂ ਮੋਟੀ ਰੰਗਦਾਰੀ ਦੀ ਮੰਗ ਕੀਤੀ ਹੈ ਅਤੇ ਮੰਗ ਪੂਰੀ ਨਾ ਹੋਣ ‘ਤੇ ਬੱਚਿਆਂ ਨੂੰ ਅਗਵਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਲੁਧਿਆਣਾ ਦੇ ਥਾਣਾ ਸਦਰ ਅਧੀਨ ਪੈਂਦੇ ਇਲਾਕੇ ਵਿੱਚ ਰਹਿਣ ਵਾਲੇ ਕਾਰੋਬਾਰੀ ਪ੍ਰਦੀਪ ਸਿੰਘ ਦੇ ਪਰਿਵਾਰ ਵਿੱਚ ਇਸ ਵੇਲੇ ਖ਼ੌਫ਼ ਦਾ ਮਾਹੌਲ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਮੋਬਾਈਲ ‘ਤੇ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਅਤੇ ਦਹਿਸ਼ਤ ਭਰੇ ਵੌਇਸ ਮੈਸੇਜ ਆ ਰਹੇ ਹਨ। ਧਮਕੀ ਦੇਣ ਵਾਲੇ ਨੇ ਸਿੱਧੇ ਤੌਰ ‘ਤੇ ਕਿਹਾ ਹੈ ਕਿ ਜੇਕਰ ਮੰਗੀ ਗਈ ਫ਼ਿਰੌਤੀ ਦੀ ਰਕਮ ਨਾ ਦਿੱਤੀ ਗਈ, ਤਾਂ ਉਹ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦੇਵੇਗਾ।

ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੂੰ ਚਾਰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਫ਼ੋਨ ਆਏ ਹਨ, ਜਿਨ੍ਹਾਂ ਵਿੱਚ ਯੂ.ਕੇ., ਪੁਰਤਗਾਲ ਅਤੇ ਜਰਮਨੀ ਦੇ ਕੋਡ ਵਾਲੇ ਨੰਬਰ ਸ਼ਾਮਲ ਹਨ। ਧਮਕੀ ਦੇਣ ਵਾਲਾ ਸ਼ਖ਼ਸ ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾਰ ਦੱਸ ਰਿਹਾ ਹੈ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ਹੈ।ਸਬੰਧਤ ਪੁਲਿਸ ਅਧਿਕਾਰੀਆਂ ਦੀ ਕਹਿਣਾ ਹੈ ਕਿ “ਸਾਨੂੰ ਕਾਰੋਬਾਰੀ ਵੱਲੋਂ ਸ਼ਿਕਾਇਤ ਮਿਲੀ ਹੈ। 4 ਵਿਦੇਸ਼ੀ ਨੰਬਰਾਂ ਦੇ ਆਧਾਰ ‘ਤੇ BNS ਦੀਆਂ ਧਾਰਾਵਾਂ 308(2), 351(2) ਅਤੇ 62 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਸੀਂ ਕਾਲ ਡਿਟੇਲਜ਼ ਅਤੇ ਵੌਇਸ ਮੈਸੇਜਾਂ ਦੀ ਜਾਂਚ ਕਰ ਰਹੇ ਹਾਂ।”ਫ਼ਿਲਹਾਲ ਪੁਲਿਸ ਸਾਈਬਰ ਸੈੱਲ ਦੀ ਮਦਦ ਨਾਲ ਇਨ੍ਹਾਂ ਵਿਦੇਸ਼ੀ ਨੰਬਰਾਂ ਦੀ ਲੋਕੇਸ਼ਨ ਅਤੇ ਕਾਲਾਂ ਦੇ ਸਰੋਤ ਦੀ ਤਫ਼ਤੀਸ਼ ਕਰ ਰਹੀ ਹੈ। ਪੁਲਿਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਾਲਾਂ ਸੱਚਮੁੱਚ ਗੈਂਗਸਟਰ ਗਿਰੋਹ ਨਾਲ ਜੁੜੀਆਂ ਹਨ ਜਾਂ ਫਿਰ ਕੋਈ ਸ਼ਰਾਰਤੀ ਅਨਸਰ ਗੋਲਡੀ ਬਰਾਰ ਦੇ ਨਾਂ ਦੀ ਵਰਤੋਂ ਕਰਕੇ ਡਰਾ-ਧਮਕਾ ਰਿਹਾ ਹੈ।










