
ਮੁਹਾਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਾਨਾ ਸਮੇਤ ਪੰਜ ਦੇਸ਼ਾਂ ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ਦੇ ਪਹਿਲੇ ਪੜਾਅ ਵਿੱਚ 2 ਜੁਲਾਈ ਨੂੰ ਅਫਰੀਕੀ ਦੇਸ਼ ਘਾਨਾ ਪਹੁੰਚੇ। 3 ਦਹਾਕਿਆਂ ਦੇ ਲੰਬੇ ਸਮੇਂ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੌਰਾ ਹੈ।

ਘਾਨਾ ਦੇ ਰਾਸ਼ਟਰਪਤੀ ਜੌਨ ਡਰਾਮਾਨੀ ਮਹਾਮਾ ਨੇ ਰਾਜਧਾਨੀ ਅਕਰਾ ਦੇ ਹਵਾਈ ਅੱਡੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਾਨਾ ਵਿੱਚ ਗਾਰਡ ਆਫ਼ ਆਨਰ ਦੇ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਦੇਸ਼ੀ ਦੌਰਾ ਗਲੋਬਲ ਸਾਊਥ ਤੇ ਅਟਲਾਂਟਿਕ ਦੋਵਾਂ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰੇ ਤਹਿਤ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਦੌਰਾ ਨਿਵੇਸ਼, ਊਰਜਾ, ਸਿਹਤ, ਸੁਰੱਖਿਆ ਅਤੇ ਵਿਕਾਸ ਸਹਿਯੋਗ ਦੇ ਖੇਤਰਾਂ ਵਿੱਚ ਭਾਰਤ-ਘਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਘਾਨਾ ਦੀ ਸੰਸਦ ਨੂੰ ਸੰਬੋਧਨ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐਕਸ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ‘ਰਾਸ਼ਟਰਪਤੀ ਜੌਨ ਡਰਾਮਨੀ ਮਹਾਮਾ ਨਾਲ ਗੱਲਬਾਤ ਸਫਲਤਾਪੂਰਵਕ ਰਹੀ। ਅਸੀਂ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਵਧਾ ਦਿੱਤਾ ਹੈ, ਜੋ ਸਾਡੇ ਦੇਸ਼ਾਂ ਦੇ ਲੋਕਾਂ ਲਈ ਲਾਭਦਾਇਕ ਹੋਵੇਗਾ। ਅਸੀਂ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਫਿਨਟੈਕ, ਹੁਨਰ ਵਿਕਾਸ, ਸਿਹਤ ਸੰਭਾਲ ਅਤੇ ਹੋਰ ਅਜਿਹੇ ਖੇਤਰਾਂ ਵਿੱਚ ਸਹਿਯੋਗ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।‘

ਉਹਨ੍ਹਾਂ ਨੇ ਇਹ ਵੀ ਕਿਹਾ ਕਿ ‘ਮੈਂ ਘਾਨਾ ਦੇ ਲੋਕਾਂ ਅਤੇ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ‘ਦਿ ਆਫਿਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ‘ ਪ੍ਰਦਾਨ ਕੀਤਾ। ਇਹ ਸਨਮਾਨ ਸਾਡੇ ਨੌਜਵਾਨਾਂ ਦੇ ਉੱਜਵਲ ਭਵਿੱਖ, ਉਨ੍ਹਾਂ ਦੀਆਂ ਇੱਛਾਵਾਂ, ਸਾਡੀ ਅਮੀਰ ਸੱਭਿਆਚਾਰਕ ਵਿਭਿੰਨਤਾ ਅਤੇ ਭਾਰਤ ਅਤੇ ਘਾਨਾ ਵਿਚਕਾਰ ਇਤਿਹਾਸਕ ਸਬੰਧਾਂ ਨੂੰ ਸਮਰਪਿਤ ਹੈ। ਇਹ ਸਨਮਾਨ ਇੱਕ ਜ਼ਿੰਮੇਵਾਰੀ ਵੀ ਹੈ; ਭਾਰਤ-ਘਾਨਾ ਦੋਸਤੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਾ ਹੈ। ਭਾਰਤ ਹਮੇਸ਼ਾ ਘਾਨਾ ਦੇ ਲੋਕਾਂ ਦੇ ਨਾਲ ਖੜ੍ਹਾ ਰਹੇਗਾ ਅਤੇ ਇੱਕ ਭਰੋਸੇਮੰਦ ਦੋਸਤ ਅਤੇ ਵਿਕਾਸ ਭਾਈਵਾਲ ਵਜੋਂ ਯੋਗਦਾਨ ਪਾਉਂਦਾ ਰਹੇਗਾ।‘