
ਮੋਹਾਲੀ- ਭਾਰਤ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਮੁਸਾਫ਼ਰਾਂ ਲਈ ਵੱਡੀ ਖੁਸ਼ਖਬਰੀ ਵਾਲੀ ਖ਼ਬਰ ਸਾਹਮਣੇ ਆਈ ਹੈI ਹੁਣ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਫ਼ਰ ਕਰਨਾ ਹੋਰ ਜ਼ਿਆਦਾ ਆਸਾਨ ਹੋ ਗਿਆ ਹੈI ਭਾਰਤ ਸਰਕਾਰ ਨੇ ਸੜਕ ਯਾਤਰਾ ਨੂੰ ਹੋਰ ਜ਼ਿਆਦਾ ਆਸਾਨ ਅਤੇ ਸਮਰਥ ਬਣਾਉਣ ਵਾਸਤੇ FASTag ਸਿਸਟਮ ਦੇ ਤਹਿਤ ਇੱਕ ਨਵੀਂ ਟੋਲ ਨੀਤੀ ਦਾ ਐਲਾਨ ਕੀਤਾ ਹੈ। ਇਹ ਨੀਤੀ ਖਾਸ ਤੌਰ ‘ਤੇ ਰਾਸ਼ਟਰੀ ਰਾਜਮਾਰਗਾਂ, ਐਕਸਪ੍ਰੈਸਵੇਅ ਅਤੇ ਰਾਜ ਮਾਰਗਾਂ ‘ਤੇ ਆਵਾਜਾਈ ਕਰਨ ਵਾਲੇ ਨਿੱਜੀ ਵਾਹਨ ਚਾਲਕਾਂ ਲਈ ਤਿਆਰ ਕੀਤੀ ਗਈ ਹੈ। ਨਵੀਂ ਯੋਜਨਾ ਅਨੁਸਾਰ, ਕੇਂਦਰ ਸਰਕਾਰ 15 ਅਗਸਤ 2025 ਤੋਂ 3,000 ਰੁਪਏ ਸਾਲਾਨਾ ਦੀ ਲਾਗਤ ਵਾਲਾ FASTag ਪਾਸ ਜਾਰੀ ਕਰੇਗੀ।
ਇਹ ਪਾਸ ਸਿਰਫ਼ ਨਿੱਜੀ ਉਦੇਸ਼ ਲਈ ਵਰਤੇ ਜਾਂਦੇ ਵਾਹਨਾਂ (ਜਿਵੇਂ ਕਿ ਕਾਰਾਂ, ਵੈਨਾਂ, ਜੀਪ ਆਦਿ) ਲਈ ਹੀ ਉਪਲਬੱਧ ਹੋਵੇਗਾ। ਵਪਾਰਕ ਜਾਂ ਭਾਰੀ ਵਾਹਨਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਨੀਤੀ ਦੀ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਸਾਲਾਨਾ FASTag ਪਾਸ ਉਦੋਂ ਐਕਟੀਵੇਟ ਕੀਤਾ ਜਾਵੇਗਾ, ਉਸ ਤਾਰੀਖ ਤੋਂ ਲੈ ਕੇ ਜਾਂ ਤਾਂ ਇੱਕ ਸਾਲ ਤੱਕ ਜਾਂ 200 ਟੋਲ ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਪੂਰਾ ਹੋਵੇ, ਉਦੋਂ ਤੱਕ ਵੈਧ ਰਹੇਗਾ। ਇਸਨੂੰ ਆਨਲਾਈਨ ਰਜਿਸਟਰ ਕਰਨ ਦੀ ਸੁਵਿਧਾ ਹਾਈਵੇ ਯਾਤਰਾ ਐਪ, NHAI (ਰਾਸ਼ਟਰੀ ਰਾਜਮਾਰਗ ਅਥਾਰਟੀ ਆਫ ਇੰਡੀਆ) ਅਤੇ MoRTH (ਸੜਕ ਅਤੇ ਆਵਾਜਾਈ ਮੰਤਰਾਲਾ) ਦੀਆਂ ਵੈੱਬਸਾਈਟਾਂ ਰਾਹੀਂ ਉਪਲਬੱਧ ਕਰਵਾਈ ਕੀਤੀ ਜਾਵੇਗੀ। ਉਪਭੋਗਤਾਵਾਂ ਲਈ ਵਿਸ਼ੇਸ਼ ਲਿੰਕ ਜਲਦ ਹੀ ਲਾਂਚ ਕੀਤਾ ਜਾਵੇਗਾI
ਇਹ ਨਵਾਂ FASTag ਪਾਸ ਮੌਜੂਦਾ FASTag ਨਾਲ ਜੁੜਿਆ ਹੋਵੇਗਾ, ਜਿਸਨੂੰ ਵਾਰ-ਵਾਰ ਰੀਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਨੀਤੀ ਟੋਲ ਵਿਵਾਦਾਂ ਨੂੰ ਵੀ ਘਟਾਏਗੀ, ਜੋ ਅਕਸਰ ਵਾਹਨ ਚਾਲਕਾਂ ਅਤੇ ਟੋਲ ਅਧਿਕਾਰੀਆਂ ਵਿਚਕਾਰ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਯੋਜਨਾ 60 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਟੋਲ ਪਲਾਜ਼ਿਆਂ ਨਾਲ ਜੁੜੀਆਂ ਵਿਸ਼ੇਸ਼ ਸਮੱਸਿਆਵਾਂ – ਜਿਵੇਂ ਕਿ ਘੱਟ ਦੂਰੀ ਲਈ ਵੱਧ ਟੋਲ ਭੁਗਤਾਨ ਨੂੰ ਵੀ ਹੱਲ ਕਰੇਗੀ।
ਭਾਰਤ ਸਰਕਾਰ ਦਾ ਮੰਨਣਾ ਹੈ ਕਿ ਇਹ ਨਵੀਂ ਟੋਲ ਨੀਤੀ ਲੱਖਾਂ ਵਾਹਨ ਚਾਲਕਾਂ ਲਈ ਨਿਵਿਘਨ, ਤੇਜ਼ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਏਗੀ। ਇਸ ਨਾਲ ਕੇਵਲ ਟੋਲ ਦੇ ਨਿਪਟਾਰੇ ਨੂੰ ਹੀ ਨਹੀਂ, ਬਲਕਿ ਮੁੱਲ ਅਤੇ ਸਮੇਂ ਦੀ ਬਚਤ ਨੂੰ ਵੀ ਯਕੀਨੀ ਬਣਾਇਆ ਜਾਵੇਗਾ।