ਅੰਮ੍ਰਿਤਸਰ ਪੁਲਿਸ ਦਾ ਕੇਸ਼ਵ ਗੈਂਗ ਦੇ ਨੈੱਟਵਰਕ ‘ਤੇ ਵੱਡਾ ਪ੍ਰਹਾਰ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਪਰਾਧੀ ਤੱਤਾਂ ਅਤੇ ਬਦਮਾਸ਼ਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿਮ ਤਹਿਤ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਕੇਸ਼ਵ ਗੈਂਗ ਨਾਲ ਸਬੰਧਤ ਸ਼ੂਟਰਾਂ ਨਾਲ ਪੁਲਿਸ ਦੀ ਮੁੱਠਭੇੜ ਹੋ ਗਈ। ਇਸ ਮੁੱਠਭੇੜ ਦੌਰਾਨ ਪੁਲਿਸ ਦੀ ਜਵਾਬੀ ਫਾਇਰਿੰਗ ‘ਚ ਗੈਂਗਸਟਰਾਂ ਦੇ ਤਿੰਨ ਸ਼ੂਟਰ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਕਾਬੂ ਕਰਕੇ ਇਲਾਜ ਅਤੇ ਫਸਟ ਏਡ ਲਈ ਨੇੜਲੇ ਹਸਪਤਾਲ ਭੇਜਿਆ ਗਿਆ ਹੈ।
ਪਹਿਲੀ ਗ੍ਰਿਫ਼ਤਾਰੀ ਤੋਂ ਮਿਲਿਆ ਸੁਰਾਗ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਖਤਾ ਇਤਲਾਹ ਦੇ ਆਧਾਰ ‘ਤੇ ਐੱਸ.ਐੱਚ.ਓ. ਛੇਹਰਟਾ ਐੱਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਵਿਅਕਤੀ ਵਿਸ਼ਾਲ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ‘ਚੋਂ .30 ਬੋਰ ਦਾ ਇੱਕ ਗਲੌਕ ਪਿਸਤੌਲ ਬਰਾਮਦ ਹੋਇਆ।

ਝਾੜੀਆਂ ‘ਚ ਲੁਕੇ ਸਾਥੀਆਂ ਨੇ ਪੁਲਿਸ ‘ਤੇ ਚਲਾਈਆਂ ਗੋਲੀਆਂ
ਫੜੇ ਗਏ ਮੁਲਜ਼ਮ ਵਿਸ਼ਾਲ ਕੋਲੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਬਾਕੀ ਸਾਥੀ ਥਾਂਦੇ ਰੋਡ ਇਲਾਕੇ ਵਿੱਚ ਝਾੜੀਆਂ ਵਾਲੀ ਥਾਂ ‘ਤੇ ਲੁਕੇ ਹੋਏ ਹਨ ਅਤੇ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ। ਇਸ ਇਤਲਾਹ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਪੁਲਿਸ ਨੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਲੁਕੇ ਹੋਏ ਬਦਮਾਸ਼ਾਂ ਨੂੰ ਆਤਮਸਮਰਪਣ ਕਰਨ ਦੀ ਅਪੀਲ ਕੀਤੀ, ਪਰ ਉਨ੍ਹਾਂ ਨੇ ਪੁਲਿਸ ਟੀਮ ‘ਤੇ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਆਤਮ-ਰੱਖਿਆ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ ਜਵਾਬੀ ਕਾਰਵਾਈ ਕੀਤੀ।
3 ਜ਼ਖ਼ਮੀ, ਭਾਰੀ ਮਾਤਰਾ ‘ਚ ਹਥਿਆਰ ਬਰਾਮਦ
ਇਸ ਮੁਕਾਬਲੇ ਦੌਰਾਨ ਕੁੱਲ ਚਾਰ ਵਿਅਕਤੀਆਂ ‘ਚੋਂ ਤਿੰਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਮੁੱਢਲੀ ਪਛਾਣ ਅਨੁਸਾਰ ਜ਼ਖ਼ਮੀਆਂ ਵਿੱਚ ਸ਼ਿੰਦਾ ਪਹਿਲਵਾਨ (ਵਾਸੀ ਫਿਰੋਜ਼ਪੁਰ), ਸ਼ਿਵਮ (ਵਾਸੀ ਫਰੀਦਕੋਟ) ਅਤੇ ਲਵਕੇਸ਼ (ਵਾਸੀ ਅੰਮ੍ਰਿਤਸਰ) ਸ਼ਾਮਲ ਹਨ, ਜਦਕਿ ਚੌਥਾ ਸਾਥੀ ਰਾਜਵਿੰਦਰ (ਵਾਸੀ ਅੰਮ੍ਰਿਤਸਰ) ਵੀ ਮੌਕੇ ‘ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿੰਦਾ ਪਹਿਲਵਾਨ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੌਕੇ ਤੋਂ ਕੁੱਲ 5 ਪਿਸਤੌਲ (2 ਗਲੌਕ ਪਿਸਤੌਲ ਅਤੇ 3 ਬਰੇਟਾ ਪਿਸਤੌਲ) ਤੋਂ ਇਲਾਵਾ 20 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਅਗਲੇਰੀ ਜਾਂਚ ਅਤੇ ਰੇਡ ਜਾਰੀ
ਪੁਲਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਗੈਂਗਸਟਰ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਹੁਣ ਬਰਾਮਦ ਹਥਿਆਰਾਂ, ਗੈਂਗ ਨਾਲ ਇਹਨਾਂ ਦੇ ਸਬੰਧਾਂ ਅਤੇ ਯੋਜਨਾਬੱਧ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮਾਂ ਤੋਂ ਮਿਲੇ ਸੁਰਾਗਾਂ ਦੇ ਆਧਾਰ ‘ਤੇ ਇਹਨਾਂ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਾਫ਼ ਕੀਤਾ ਹੈ ਕਿ ਜ਼ਿਲ੍ਹੇ ‘ਚੋਂ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਦਾ ਖ਼ਾਤਮਾ ਕਰਨ ਲਈ ਅਜਿਹੀਆਂ ਸਖ਼ਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।










