ਲੁਧਿਆਣਾ ਦੇ ਡਾਕਟਰ ਨੇ ਦਿੱਲੀ ਵਿੱਚ ਕੀਤੀ ਖ਼ੁਦਕੁਸ਼ੀ

ਲੁਧਿਆਣਾ ਦੇ ਰਹਿਣ ਵਾਲੇ ਡਾਕਟਰ ਨੇ ਦਿੱਲੀ ਦੇ ਸਿਵਲ ਲਾਈਨਜ਼ ਸਥਿਤ ਅਰੁਣਾ ਆਸਫ਼ ਅਲੀ ਹਸਪਤਾਲ ਵਿੱਚ ਖ਼ੁਦਕੁਸ਼ੀ ਕਰ ਲਈ। ਉਹ ਇੱਥੇ 3 ਸਾਲਾਂ ਤੋਂ ਐਨਸਥੀਸੀਆ ਵਿਭਾਗ ਵਿੱਚ ਸੀਨੀਅਰ ਰੈਜ਼ੀਡੈਂਟ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਡਿਊਟੀ ਰੂਮ ਵਿੱਚ ਐਨਸਥੀਸੀਆ ਦਾ ਇੰਜੈਕਸ਼ਨ ਲਗਾ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ 3 ਪੰਨਿਆਂ ਦਾ ਖ਼ੁਦਕੁਸ਼ੀ ਨੋਟ (ਸੁਸਾਈਡ ਨੋਟ) ਵੀ ਲਿਖਿਆ ਹੈ।ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਦਾ ਕਾਰਨ ਪ੍ਰੇਮਿਕਾ ਨਾਲ ਵਿਆਹ ਨਾ ਹੋਣਾ ਲਿਖਿਆ ਹੈ। ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ- ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਉਸ ਨਾਲ ਮੇਰੇ ਮਾਤਾ-ਪਿਤਾ ਮੇਰਾ ਵਿਆਹ ਨਹੀਂ ਹੋਣ ਦੇਣਗੇ, ਕਿਉਂਕਿ ਸਾਡੀ ਜਾਤ ਮੇਲ ਨਹੀਂ ਖਾਂਦੀ। ਮੇਰਾ ਸਾਰਾ ਸਾਮਾਨ ਮੇਰੀ ਪ੍ਰੇਮਿਕਾ ਨੂੰ ਦਿੱਤਾ ਜਾਵੇ। ਉਨ੍ਹਾਂ ਨੇ ਉਸ ਵਿੱਚ ਬਾਕਾਇਦਾ ਆਪਣੀ ਪ੍ਰੇਮਿਕਾ ਡਾਕਟਰ ਦਾ ਨਾਮ ਵੀ ਲਿਖਿਆ ਹੈ।ਮ੍ਰਿਤਕ ਦੀ ਪਛਾਣ ਸਿਮਰਪ੍ਰੀਤ ਸਿੰਘ ਆਨੰਦ (35) ਵਜੋਂ ਹੋਈ, ਜੋ ਬੀਆਰਐਸ ਨਗਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿਤਾ ਹਰਪ੍ਰੀਤ ਸਿੰਘ ਆਨੰਦ, ਮਾਂ ਅਤੇ ਵੱਡਾ ਭਰਾ ਹੈ। ਘਟਨਾ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਨੇ ਇਸ ਦੀ ਸ਼ਿਕਾਇਤ ਦਿੱਲੀ ਦੇ ਸਿਵਲ ਲਾਈਨਜ਼ ਥਾਣੇ ਵਿੱਚ ਦਿੱਤੀ। ਅੱਜ ਮੈਡੀਕਲ ਬੋਰਡ ਰਾਹੀਂ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਨਾਈਟ ਡਿਊਟੀ ‘ਤੇ ਸਨ, ਖ਼ੁਦ ਲਗਵਾਇਆ ਕੈਨੁਲਾ
ਉੱਤਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਰਾਜਾ ਬਾਂਠੀਆ ਅਨੁਸਾਰ, ਡਾ. ਸਿਮਰਪ੍ਰੀਤ 4-5 ਜੁਲਾਈ ਦੀ ਰਾਤ 8 ਵਜੇ ਤੋਂ ਨਾਈਟ ਡਿਊਟੀ ‘ਤੇ ਸਨ। ਸ਼ਨੀਵਾਰ ਸ਼ਾਮ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਕਾਫੀ ਥੱਕੇ ਹੋਣ ਅਤੇ ਤਬੀਅਤ ਖ਼ਰਾਬ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਰਾਤ 10 ਵਜੇ ਆਪਣੇ ਟੈਕਨੀਕਲ ਅਸਿਸਟੈਂਟ ਨੂੰ ਕਹਿ ਕੇ ਆਪਣੇ ਖੱਬੇ ਹੱਥ ਵਿੱਚ ਕੈਨੁਲਾ ਲਗਵਾਇਆ ਸੀ, ਇਹ ਕਹਿ ਕੇ ਕਿ ਉਨ੍ਹਾਂ ਨੇ ਕੁਝ ਦਵਾਈਆਂ ਲੈਣੀਆਂ ਹਨ।

 

ਦਰਵਾਜ਼ਾ ਤੋੜ ਕੇ ਬਾਹਰ ਕੱਢਿਆ
ਡਾ. ਸਿਮਰਪ੍ਰੀਤ ਨੇ MBBS ਤੋਂ ਬਾਅਦ ਐਨਸਥੀਸੀਆ ਵਿੱਚ ਐਮਡੀ (MD) ਕੀਤੀ ਸੀ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਦਵਾਈ ਦੀ ਕਿੰਨੀ ਖ਼ੁਰਾਕ (ਡੋਜ਼) ਜਾਨਲੇਵਾ ਹੋ ਸਕਦੀ ਹੈ। ਸਵੇਰੇ ਕਰੀਬ 9 ਵਜੇ ਤੱਕ ਜਦੋਂ ਡਿਊਟੀ ਰੂਮ (ਨੰਬਰ-109) ਦਾ ਦਰਵਾਜ਼ਾ ਅੰਦਰੋਂ ਨਹੀਂ ਖੁੱਲ੍ਹਿਆ, ਤਾਂ ਉਸ ਨੂੰ ਤੋੜਿਆ ਗਿਆ।ਅੰਦਰ ਡਾ. ਸਿਮਰਪ੍ਰੀਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਐਮਰਜੈਂਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਲ੍ਹਾ ਕਰਾਈਮ ਟੀਮ ਅਤੇ ਐਫਐਸਐਲ (FSL) ਰੋਹਿਣੀ ਨੂੰ ਕਮਰੇ ਵਿੱਚੋਂ ਵਰਤੀ ਹੋਈ ਸਿਰਿੰਜ ਅਤੇ ਦਵਾਈਆਂ ਦੀਆਂ ਖਾਲੀ ਸ਼ੀਸ਼ੀਆਂ ਮਿਲੀਆਂ ਹਨ।

2 ਸਾਲਾਂ ਤੋਂ ਕੰਮ ਕਰ ਰਹੀ ਡਾਕਟਰ ਨਾਲ ਪ੍ਰੇਮ ਸਬੰਧ
ਕਮਰੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਕਾਲੇ ਰੰਗ ਦਾ ਬੈਗ ਮਿਲਿਆ, ਜਿਸ ਵਿੱਚੋਂ ਇੱਕ ਡਾਇਰੀ ਅਤੇ 3 ਪੰਨਿਆਂ ਦਾ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ। ਇਸ ਖ਼ੁਦਕੁਸ਼ੀ ਨੋਟ ਨੇ ਖ਼ੁਦਕੁਸ਼ੀ ਦੇ ਪਿੱਛੇ ਦੀ ਪੂਰੀ ਕਹਾਣੀ ਖੋਲ੍ਹ ਦਿੱਤੀ। ਡਾ. ਸਿਮਰਪ੍ਰੀਤ ਨੇ ਲਿਖਿਆ- ਉਨ੍ਹਾਂ ਦਾ ਇਸੇ ਹਸਪਤਾਲ ਵਿੱਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਇੱਕ ਮਹਿਲਾ ਡਾਕਟਰ ਨਾਲ ਪ੍ਰੇਮ ਸਬੰਧ ਸੀ, ਜੋ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਰਹਿਣ ਵਾਲੀ ਹੈ।ਜਾਤ ਵੱਖਰੀ ਹੋਣ ਕਾਰਨ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਨਹੀਂ ਸਨ: ਖ਼ੁਦਕੁਸ਼ੀ ਨੋਟ ਮੁਤਾਬਕ, ਦੋਵਾਂ ਦੀ ਜਾਤ ਵੱਖ-ਵੱਖ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। ਇਸੇ ਮਾਨਸਿਕ ਤਣਾਅ ਅਤੇ ਪਿਆਰ ਦੇ ਅਧੂਰੇ ਰਹਿ ਜਾਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸਾਫ਼ ਲਿਖਿਆ ਹੈ ਕਿ ਆਪਣੀ ਖ਼ੁਦਕੁਸ਼ੀ ਲਈ ਉਹ ਖ਼ੁਦ ਜ਼ਿੰਮੇਵਾਰ ਹਨ।ਮੇਰਾ ਸਾਮਾਨ ਮੇਰੀ ਪ੍ਰੇਮਿਕਾ ਨੂੰ ਸੌਂਪਿਆ ਜਾਵੇ: ਡਾ. ਸਿਮਰਪ੍ਰੀਤ ਨੇ ਖ਼ੁਦਕੁਸ਼ੀ ਨੋਟ ਵਿੱਚ ਇੱਕ ਭਾਵੁਕ ਆਖਰੀ ਇੱਛਾ ਵੀ ਲਿਖੀ ਹੈ। ਉਨ੍ਹਾਂ ਨੇ ਵਿਸਤਾਰ ਨਾਲ ਪੂਰੀ ਕਹਾਣੀ ਦੱਸਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਾਰਾ ਸਾਮਾਨ ਉਨ੍ਹਾਂ ਦੀ ਡਾਕਟਰ ਪ੍ਰੇਮਿਕਾ ਦੇ ਹਵਾਲੇ ਕਰ ਦਿੱਤਾ ਜਾਵੇ।

Exit mobile version