ਜੰਤਰ-ਮੰਤਰ ਪ੍ਰਦਰਸ਼ਨ ਕਾਰਨ ਦਿੱਲੀ ਮੈਟਰੋ ‘ਤੇ ਪਈ ਮਾਰ, 11 ਪ੍ਰਮੁੱਖ ਸਟੇਸ਼ਨ ਬੰਦ !
ਆਮ ਆਦਮੀ ਪਾਰਟੀ (ਆਪ) ਅਤੇ ਕੁਝ ਵਿਦਿਆਰਥੀ ਸੰਗਠਨਾਂ ਦੇ ਵਿਰੋਧ ਦੇ ਸੱਦੇ ਤੋਂ ਬਾਅਦ ਦਿੱਲੀ ਮੈਟਰੋ ਨੇ ਸ਼ੁੱਕਰਵਾਰ ਨੂੰ ਰਾਜੀਵ ਚੌਕ, ਕੇਂਦਰੀ ਸਕੱਤਰੇਤ ਅਤੇ ਜੰਤਰ-ਮੰਤਰ ਨੇੜੇ ਪਟੇਲ ਚੌਕ ਸਮੇਤ 11 ਸਟੇਸ਼ਨਾਂ ‘ਤੇ ਐਂਟਰੀ ਅਤੇ ਐਗਜ਼ਿਟ ਬੰਦ ਕਰ ਦਿੱਤੇ।
ਉਹ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵੀਜ਼ਨ (ਐਸਆਈਆਰ) ਅਤੇ ਕਥਿਤ ਤੌਰ ‘ਤੇ ਵੋਟਰਾਂ ਦੇ ਨਾਮ ਵੱਡੇ ਪੱਧਰ ‘ਤੇ ਮਿਟਾਏ ਜਾਣ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਅਤੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ‘X’ ‘ਤੇ ਇਕ ਪੋਸਟ ਵਿਚ ਕਿਹਾ ਕਿ ਜਨਪਥ, ਪਟੇਲ ਚੌਕ, ਕੇਂਦਰੀ ਸਕੱਤਰੇਤ, ਰਾਜੀਵ ਚੌਕ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ, INA, ਚਾਵੜੀ ਬਾਜ਼ਾਰ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਨਵੀਂ ਦਿੱਲੀ ਸਟੇਸ਼ਨਾਂ ‘ਤੇ ਪ੍ਰਵੇਸ਼ ਅਤੇ ਨਿਕਾਸ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਹਾਲਾਂਕਿ, ਡੀਐਮਆਰਸੀ ਨੇ ਕਿਹਾ ਕਿ ਰਾਜੀਵ ਚੌਕ, ਮੰਡੀ ਹਾਊਸ, ਨਵੀਂ ਦਿੱਲੀ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ‘ਤੇ ਇੰਟਰਚੇਂਜ ਦੀ ਸਹੂਲਤ ਉਪਲਬਧ ਹੋਵੇਗੀ।ਆਮ ਆਦਮੀ ਪਾਰਟੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐਸਏ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਇੰਡੀਅਨ ਯੂਥ ਕਾਂਗਰਸ (ਆਈਵਾਈਸੀ) ਨੇ ਵੋਟਰ ਸੂਚੀਆਂ ਵਿੱਚੋਂ ਵੋਟਰਾਂ ਦੇ ਨਾਮ ਮਿਟਾਉਣ ਦਾ ਦੋਸ਼ ਲਾਉਂਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।









