ਮੋਹਾਲੀ ਦੇ ਕਸਬਾ ਨਯਾਗਾਂਵ ਥਾਣਾ ਖੇਤਰ ਵਿੱਚ 18 ਸਾਲਾ ਨੌਜਵਾਨ ਕਰਨਪ੍ਰੀਤ ਸਿੰਘ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਇੱਕ ਨਾਬਾਲਿਗ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਛੱਡ ਕੇ ਉੱਤਰਾਖੰਡ ਫਰਾਰ ਹੋ ਗਏ ਸਨ, ਪਰ ਮੋਹਾਲੀ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਕਰੀਬ 400 ਕਿਲੋਮੀਟਰ ਤੱਕ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।ਇਸ ਮਾਮਲੇ ਵਿੱਚ ਹੁਣ ਤੱਕ ਇੱਕ ਨਾਬਾਲਿਗ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉੱਥੇ ਹੀ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 25 ਸਾਲਾ ਹਰਪ੍ਰੀਤ ਸਿੰਘ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਵਿੱਚ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਦੇ ਅਨੁਸਾਰ, 26 ਜੂਨ ਨੂੰ ਸੂਚਨਾ ਮਿਲੀ ਸੀ ਕਿ ਖੁੱਡਾ ਅਲੀ ਸ਼ੇਰ (ਚੰਡੀਗੜ੍ਹ) ਦੇ ਰਹਿਣ ਵਾਲੇ ਕਰਨਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਹਰਪ੍ਰੀਤ ਸਿੰਘ ‘ਤੇ ਨਯਾਗਾਂਵ ਦੇ ਸ਼ਿਸ਼ੂ ਨਿਕੇਤਨ ਸਕੂਲ ਨੇੜੇ ਕੁਝ ਨੌਜਵਾਨਾਂ ਨੇ ਘੇਰ ਕੇ ਹਮਲਾ ਕਰ ਦਿੱਤਾ। ਮੁਲਜ਼ਮਾਂ ਦੇ ਹੱਥਾਂ ਵਿੱਚ ਲਾਠੀਆਂ, ਚਾਕੂ ਅਤੇ ਕਿਰਪਾਨਾਂ ਸਨ।ਹਮਲੇ ਵਿੱਚ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 18 ਸਾਲਾ ਕਰਨਪ੍ਰੀਤ ਸਿੰਘ ਦੀ ਮੌਤ ਹੋ ਗਈ।ਦੋਵੇਂ ਨੌਜਵਾਨ ਇਕੱਠੇ ਨਸ਼ਾ ਕਰਦੇ ਸਨ। ਸਾਬਕਾ ਐਮਸੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਨਯਾਗਾਂਵ ਪੁਲ ਨੇੜੇ ਇੱਕ ਖੰਡਰ ਇਮਾਰਤ ਵਿੱਚ ਕਾਫ਼ੀ ਸਮੇਂ ਤੋਂ ਨੌਜਵਾਨਾਂ ਦਾ ਇਕੱਠ ਲੱਗਦਾ ਸੀ। ਉੱਥੇ ਉਹ ਨਸ਼ਾ ਕਰਨ ਅਤੇ ਵੇਚਣ ਦਾ ਕੰਮ ਕਰਦੇ ਸਨ। ਵੀਰਵਾਰ ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਵਿਚਾਲੇ ਤਕਰਾਰ ਹੋ ਗਈ। ਵਿਵਾਦ ਵਧਣ ਤੋਂ ਬਾਅਦ ਰਾਤ ਕਰੀਬ 10:30 ਵਜੇ ਹਮਲਾਵਰਾਂ ਨੇ ਤਲਵਾਰਾਂ ਅਤੇ ਚਾਕੂਆਂ ਨਾਲ ਦੋਵੇਂ ਦੋਸਤਾਂ ‘ਤੇ ਹਮਲਾ ਕਰ ਦਿੱਤਾ।
ਮ੍ਰਿਤਕ ਕਰਨਪ੍ਰੀਤ ਦੇ ਭਰਾ ਹਰਿੰਦਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਨਯਾਗਾਂਵ ਪੁਲਿਸ ਨੇ 5 ਨਾਮਜ਼ਦ ਅਤੇ 5-6 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਤਲ ਅਤੇ ਜਾਨਲੇਵਾ ਹਮਲੇ ਦਾ ਮਾਮਲਾ ਦਰਜ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਕਰਨਪ੍ਰੀਤ 25 ਜੂਨ ਦੀ ਰਾਤ ਆਪਣੇ ਦੋਸਤ ਨਾਲ ਘਰ ਤੋਂ ਨਿਕਲਿਆ ਸੀ। ਦੇਰ ਰਾਤ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ, ਜਿਸ ਤੋਂ ਬਾਅਦ ਹਮਲੇ ਦੀ ਜਾਣਕਾਰੀ ਸਾਹਮਣੇ ਆਈ।