Punjab

ਅੰਮ੍ਰਿਤਸਰ ਵਿੱਚ ਪਿਓ ਅਤੇ ਮਤਰੇਈ ਮਾਂ ਨੇ ਪੁੱਤ ਦਾ ਕੀਤਾ ਕਤਲ

ਅੰਮ੍ਰਿਤਸਰ ਵਿੱਚ ਪਿਓ ਅਤੇ ਮਤਰੇਈ ਮਾਂ ਨੇ ਪੁੱਤ ਦਾ ਕੀਤਾ ਕਤਲ

ਅੰਮ੍ਰਿਤਸਰ ਦੇ ਮਜੀਠਾ ਵਿੱਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦਾ ਉਸ ਦੇ ਪਿਓ, ਮਤਰੇਈ ਮਾਂ ਅਤੇ ਮਤਰੇਏ ਭਰਾਵਾਂ ਨੇ ਕਤਲ ਕਰ ਦਿੱਤਾ। ਵਾਰਦਾਤ ਦੌਰਾਨ ਮ੍ਰਿਤਕ ਦੀ ਪਤਨੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਉਸ ਨੂੰ ਬਚਾਉਣ ਵਿੱਚ ਅਸਮਰੱਥ ਰਹੀ। ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਘਰ ਵਿੱਚ ਮੌਜੂਦ ਖ਼ੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।

ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ (26 ਸਾਲ) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪਿਤਾ ਮਲਕੀਤ ਸਿੰਘ ਅਤੇ ਉਸ ਦੀ ਦੂਜੀ ਪਤਨੀ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ, ਦੋਵੇਂ ਮਤਰੇਏ ਪੁੱਤਰ ਜਸ਼ਨਦੀਪ ਸਿੰਘ ਅਤੇ ਗਗਨਦੀਪ ਸਿੰਘ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਕਾਨ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ
ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਰਾਤ ਮਕਾਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਇਸੇ ਦੌਰਾਨ ਸਹੁਰੇ, ਮਤਰੇਈ ਸੱਸ ਅਤੇ ਦੋਵਾਂ ਦਿਓਰਾਂ ਨੇ ਆਕਾਸ਼ਦੀਪ ‘ਤੇ ਦਾਤਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਦੋਂ ਕਿਰਨਦੀਪ ਬਚਾਅ ਕਰਨ ਪਹੁੰਚੀ, ਤਾਂ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜੰਦਰਾ (ਤਾਲਾ) ਲਗਾ ਦਿੱਤਾ ਗਿਆ। ਕਮਰੇ ਵਿੱਚ ਕੈਦ ਕਿਰਨਦੀਪ ਪੂਰੀ ਰਾਤ ਪਤੀ ਦੀਆਂ ਚੀਕਾਂ ਸੁਣਦੀ ਰਹੀ।

ਕੰਧਾਂ, ਫ਼ਰਸ਼ ਅਤੇ ਛੱਤ ‘ਤੇ ਖ਼ੂਨ ਦੇ ਛਿੱਟੇ
ਦੇਰ ਰਾਤ ਅਚਾਨਕ ਆਵਾਜ਼ਾਂ ਬੰਦ ਹੋ ਗਈਆਂ। ਮੁਲਜ਼ਮਾਂ ਨੇ ਉਸ ਨੂੰ ਦੱਸਿਆ ਕਿ ਆਕਾਸ਼ਦੀਪ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਮਾਮੇ ਦੇ ਘਰ ਲੈ ਗਈ। ਸੋਮਵਾਰ ਸਵੇਰੇ ਜਦੋਂ ਉਹ ਘਰ ਆਈ, ਤਾਂ ਮੰਜ਼ਰ ਦੇਖ ਕੇ ਹੈਰਾਨ ਰਹਿ ਗਈ। ਕੰਧਾਂ, ਫ਼ਰਸ਼ ਅਤੇ ਛੱਤ ‘ਤੇ ਖ਼ੂਨ ਦੇ ਛਿੱਟੇ ਸਨ। ਮੁਲਜ਼ਮ ਕੰਧਾਂ ‘ਤੇ ਸੀਮਿੰਟ-ਪੇਂਟ ਕਰਕੇ ਅਤੇ ਫ਼ਰਸ਼ ਧੋ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਆ ਗਈ, ਜਿਸ ਨੂੰ ਪਿੰਡ ਵਿੱਚੋਂ ਹੀ ਕਿਸੇ ਨੇ ਸੂਚਨਾ ਦਿੱਤੀ ਸੀ।

ਲਾਸ਼ ਨੂੰ ਪਿੰਡ ਭੋਮਾ ਨੇੜੇ ਨਹਿਰ ਵਿੱਚ ਸੁੱਟਿਆ
ਪੁਲਿਸ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਕਬੂਲ ਕੀਤਾ ਕਿ ਕਤਲ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਪਿੰਡ ਭੋਮਾ ਨੇੜੇ ਨਹਿਰ ਵਿੱਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਨਹਿਰ ਵਿੱਚ ਲਾਸ਼ ਦੀ ਭਾਲ ਕਰ ਰਹੀਆਂ ਹਨ।

ਆਕਾਸ਼ਦੀਪ ਜ਼ਮਾਨਤ ‘ਤੇ ਜੇਲ੍ਹ ਤੋਂ ਘਰ ਪਰਤਿਆ ਸੀ
ਡੀ.ਐਸ.ਪੀ. ਨੇ ਦੱਸਿਆ ਕਿ ਆਕਾਸ਼ਦੀਪ 3 ਜੁਲਾਈ ਨੂੰ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਘਰ ਪਰਤਿਆ ਸੀ। ਪੁਲਿਸ ਨੇ ਮਾਮਲੇ ਵਿੱਚ ਕਤਲ ਅਤੇ ਸਬੂਤ ਮਿਟਾਉਣ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds