ਅੰਮ੍ਰਿਤਸਰ ‘ਚ ਤੜਕੇ ਵੱਡਾ CASO ਆਪ੍ਰੇਸ਼ਨ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਮੁਹਿੰਮ ਤਹਿਤ ਅੱਜ ਤੜਕੇ ਈਸਟ ਸਬ-ਡਿਵੀਜ਼ਨ ਦੇ ਥਾਣਾ ਵੇਰਕਾ ਅਧੀਨ ਆਉਂਦੇ ਇਲਾਕੇ ‘ਪੱਤੀ ਬੱਗੇ ਵਾਲੀ’ ਵਿੱਚ ਇੱਕ ਵਿਸ਼ੇਸ਼ CASO (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ। ਸੀਪੀ ਹਰਮਨਬੀਰ ਸਿੰਘ ਗਿੱਲ (IPS) ਦੀਆਂ ਹਦਾਇਤਾਂ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਬਾਰੀਕੀ ਨਾਲ ਤਲਾਸ਼ੀ ਲਈ। ਇਸ ਆਪ੍ਰੇਸ਼ਨ ਦੌਰਾਨ ਕੁੱਲ 13 ਵਿਅਕਤੀਆਂ ਵਿਰੁੱਧ ਕਾਨੂੰਨੀ ਤੇ ਪ੍ਰਿਵੈਂਟਿਵ ਕਾਰਵਾਈ ਕੀਤੀ ਗਈ, ਜਦਕਿ NDPS ਐਕਟ ਤਹਿਤ 2 ਮਾਮਲੇ ਦਰਜ ਕਰਕੇ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਇਲਾਕੇ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਤਸਕਰਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਸਰਚ ਆਪ੍ਰੇਸ਼ਨ ਦਾ ਮੁੱਖ ਮਕਸਦ ਇਲਾਕੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣਾ, ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਨਸ਼ਾ ਤਸਕਰਾਂ ਵਿੱਚ ਖੌਫ਼ ਪੈਦਾ ਕਰਨਾ ਹੈ। ਸੁਰੱਖਿਆ ਦੇ ਨਾਲ-ਨਾਲ ਸਮਾਜਿਕ ਸੁਧਾਰ ਵੱਲ ਵੱਡਾ ਕਦਮ ਚੁੱਕਦਿਆਂ ਪੁਲਿਸ ਨੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ 5 ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ (ਡੀ-ਐਡੀਕਸ਼ਨ) ਕੇਂਦਰ ਰੈਫ਼ਰ ਕੀਤਾ ਹੈ, ਤਾਂ ਜੋ ਇਲਾਜ ਤੋਂ ਬਾਅਦ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਪਰਤ ਸਕਣ। ਮੌਕੇ ‘ਤੇ ਮੌਜੂਦ ਡੀਸੀਪੀ ਸਿਟੀ ਜਸਕਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਅਜਿਹੇ CASO ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਸਖ਼ਤੀ ਨਾਲ ਲਗਾਤਾਰ ਜਾਰੀ ਰਹਿਣਗੇ।











