Punjab

‘ਸਤਲੁਜ’ ਤੋਂ ਪਾਬੰਦੀ ਹਟਾਉਣ ਲਈ SGPC ਦਾ ਵੱਡਾ ਐਕਸ਼ਨ

‘ਸਤਲੁਜ’ ਤੋਂ ਪਾਬੰਦੀ ਹਟਾਉਣ ਲਈ SGPC ਦਾ ਵੱਡਾ ਐਕਸ਼ਨ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਦੀ ਰਿਲੀਜ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਖੋਲ੍ਹਿਆ ਮੋਰਚਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੱਜ ਪ੍ਰਸਿੱਧ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਫ਼ਿਲਮ ‘ਸਤਲੁਜ’ (Satluj) ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਮਹਾਨ ਸਿੱਖ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ‘ਤੇ ਅਧਾਰਿਤ ਹੈ।ਇਹ ਰੋਸ ਮਾਰਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਥਿਤ ਘੰਟਾ ਘਰ ਪਲਾਜ਼ਾ ਤੋਂ ਆਰੰਭ ਹੋ ਕੇ ਡਿਪਟੀ ਕਮਿਸ਼ਨਰ (DC) ਅੰਮ੍ਰਿਤਸਰ ਦੇ ਦਫ਼ਤਰ ਤੱਕ ਲਿਜਾਇਆ ਜਾ ਰਿਹਾ ਹੈ। ਇਸ ਮਾਰਚ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੈਂਬਰ, ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਏ।

ਸਰਕਾਰਾਂ ਸੱਚ ਨੂੰ ਦਬਾਉਣਾ ਚਾਹੁੰਦੀਆਂ ਹਨ: ਐਡਵੋਕੇਟ ਧਾਮੀ

ਰੋਸ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ:”ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਅਤੇ ਉਸ ਦੌਰ ਵਿੱਚ ਤਤਕਾਲੀਨ ਸਰਕਾਰਾਂ ਵੱਲੋਂ ਸਿੱਖਾਂ ‘ਤੇ ਢਾਹੇ ਗਏ ਅਣਮਨੁੱਖੀ ਤਸ਼ੱਦਦ ਦੇ ਸੱਚ ਨੂੰ ਇਹ ਫ਼ਿਲਮ ਦੁਨੀਆ ਦੇ ਸਾਹਮਣੇ ਲਿਆਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਦੇ ਇਸ ਸੱਚ ਨੂੰ ਦਬਾਉਣਾ ਚਾਹੁੰਦੀਆਂ ਹਨ, ਜਿਸ ਕਾਰਨ ਫ਼ਿਲਮ ‘ਸਤਲੁਜ’ ਦੀ ਰਿਲੀਜ਼ ‘ਤੇ ਪਾਬੰਦੀ ਲਗਾਈ ਗਈ ਹੈ।”

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਗੂੰਜੀ
ਇਸ ਰੋਸ ਮਾਰਚ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਨਾ ਸਿਰਫ਼ ਫ਼ਿਲਮ ਦੀ ਰਿਲੀਜ਼ ਦੀ ਮੰਗ ਕੀਤੀ ਗਈ, ਬਲਕਿ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ‘ਬੰਦੀ ਸਿੰਘਾਂ’ ਦੀ ਤੁਰੰਤ ਰਿਹਾਈ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ।

ਸੈਂਸਰ ਬੋਰਡ ਦੇ ਫੈਸਲੇ ‘ਤੇ ਉੱਠੇ ਸਵਾਲ
ਦੱਸਣਯੋਗ ਹੈ ਕਿ ਇਸ ਫ਼ਿਲਮ (ਜਿਸ ਨੂੰ ਪਹਿਲਾਂ ‘ਪੰਜਾਬ 95’ ਦੇ ਨਾਂ ਨਾਲ ਵੀ ਚਰਚਾ ਮਿਲੀ ਸੀ) ਨੂੰ ਲੈ ਕੇ ਸੈਂਸਰ ਬੋਰਡ (CBFC) ਵੱਲੋਂ ਕਈ ਕੱਟ ਲਗਾਉਣ ਅਤੇ ਰਿਲੀਜ਼ ਰੋਕਣ ਕਾਰਨ ਸਿੱਖ ਜਗਤ ਅਤੇ ਸਿਨੇਮਾ ਪ੍ਰੇਮੀਆਂ ਵਿੱਚ ਭਾਰੀ ਰੋਸ ਹੈ। ਐਸ.ਜੀ.ਪੀ.ਸੀ. ਦਾ ਕਹਿਣਾ ਹੈ ਕਿ ਇਤਿਹਾਸਕ ਤੱਥਾਂ ‘ਤੇ ਬਣੀਆਂ ਫ਼ਿਲਮਾਂ ਨੂੰ ਰੋਕਣਾ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਹੈ।ਅੱਜ ਦੇ ਇਸ ਰੋਸ ਮਾਰਚ ਰਾਹੀਂ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ, ਤਾਂ ਜੋ ਫ਼ਿਲਮ ‘ਸਤਲੁਜ’ ਨੂੰ ਬਿਨਾਂ ਕਿਸੇ ਦੇਰੀ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds