21ਵੇਂ ਦਿਨ ਟੁੱਟਿਆ ਸਬਰ? ਵਾਂਗਚੁਕ ਨੂੰ ਪੁਲਿਸ ਨੇ ਹਸਪਤਾਲ ਕੀਤਾ ਦਾਖ਼ਲ !
ਦਿੱਲੀ ਦੇ ਜੰਤਰ-ਮੰਤਰ ‘ਤੇ 21 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਪੁਲਿਸ ਸ਼ਨੀਵਾਰ ਸਵੇਰੇ ਸਫ਼ਦਰਜੰਗ ਹਸਪਤਾਲ ਲੈ ਗਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਵਿਰੋਧ ਕੀਤਾ, ਜਿਸ ਕਾਰਨ ਉੱਥੇ ਭਾਰੀ ਹੰਗਾਮਾ ਹੋ ਗਿਆ।ਦੂਜੇ ਪਾਸੇ ਕਾਕਰੋਚ ਜਨਤਾ ਪਾਰਟੀ (CJP) ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ– “ਪੁਲਿਸ ਨੇ ਸੋਨਮ ਸਰ ਨੂੰ ਗਾਲ੍ਹਾਂ ਕੱਢੀਆਂ ਅਤੇ ਘਸੀਟ ਕੇ ਜ਼ਬਰਦਸਤੀ ਹਸਪਤਾਲ ਲੈ ਗਏ। ਪੁਲਿਸ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ। ਮੈਂ ਵੀ ਅੱਜ ਤੋਂ ਅਨਸ਼ਨ ਸ਼ੁਰੂ ਕਰਾਂਗਾ। ਅਸੀਂ ਪੀਐਮ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਦੇ ਹਾਂ।”
ਵਾਂਗਚੁਕ ਪੇਪਰ ਲੀਕ ਮਾਮਲੇ ਦੀ ਜਾਂਚ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਨਸ਼ਨ ਕਰ ਰਹੇ ਹਨ। ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ। ਉਹਨਾਂ ਦਾ ਵਜ਼ਨ ਕਰੀਬ 9.5 ਕਿੱਲੋ ਘਟ ਗਿਆ ਹੈ।
ਦਰਅਸਲ ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਵਾਂਗਚੁਕ ਦਾ ਰੋਜ਼ਾਨਾ ਮੈਡੀਕਲ ਚੈੱਕਅਪ ਕੀਤਾ ਜਾਵੇ ਅਤੇ ਲੋੜ ਪੈਣ ‘ਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ।

ਵਾਂਗਚੁਕ ਤੋਂ ਇਲਾਵਾ 3 ਵਿਦਿਆਰਥੀ ਵੀ ਭੁੱਖ ਹੜਤਾਲ ‘ਤੇ
ਵਾਂਗਚੁਕ ਦੇ ਨਾਲ ‘ਆਇਸਾ’ (AISA) ਦੀ ਨੇਹਾ, ਆਮੀਨ ਅਤੇ ਮਨੀਸ਼ ਵੀ ਪਿਛਲੇ 21 ਦਿਨਾਂ ਤੋਂ ਜੰਤਰ-ਮੰਤਰ ‘ਤੇ ਭੁੱਖ ਹੜਤਾਲ ‘ਤੇ ਹਨ। ਉਹ ਅਜੇ ਵੀ ਅਨਸ਼ਨ ‘ਤੇ ਹਨ। ਨੇਹਾ ਨੂੰ ਗੰਭੀਰ ਹਾਈਪੋਗਲਾਈਸੀਮੀਆ (ਖੂਨ ਵਿੱਚ ਸ਼ੂਗਰ ਦੀ ਭਾਰੀ ਕਮੀ) ਦੇ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਆਮੀਨ ਅਤੇ ਮਨੀਸ਼ ਦੀ ਤਬੀਅਤ ਵੀ ਲਗਾਤਾਰ ਵਿਗੜ ਰਹੀ ਹੈ।
ਅਭਿਜੀਤ ਦੀਪਕੇ ਨੇ ਕਿਹਾ, “ਮੈਂ ਅੱਜ ਤੋਂ ਆਪਣਾ ਅਨਸ਼ਨ ਸ਼ੁਰੂ ਕਰ ਰਿਹਾ ਹਾਂ। 20 ਜੁਲਾਈ ਨੂੰ ਸਾਡਾ ਸੰਸਦ ਮਾਰਚ ਵੀ ਹੋਵੇਗਾ ਅਤੇ ਮੇਰਾ ਅਨਸ਼ਨ ਵੀ ਜਾਰੀ ਰਹੇਗਾ। ਇਹਨਾਂ ਨੂੰ ਲੱਗਦਾ ਹੈ ਕਿ ਸੋਨਮ ਸਰ ਨੂੰ ਇੱਥੋਂ ਚੁੱਕ ਕੇ ਅੰਦਰ ਲੈ ਜਾਣ ਨਾਲ ਇਹ ਅੰਦੋਲਨ ਖ਼ਤਮ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਵੇਗਾ। ਇਹ ਅੰਦੋਲਨ ਜਾਰੀ ਰਹੇਗਾ।”
ਅਭਿਜੀਤ ਦੀਪਕੇ ਨੇ ਅੱਗੇ ਕਿਹਾ, “ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸੋਨਮ ਸਰ ਨੂੰ ਇੱਥੋਂ ਲੈ ਜਾਣ ਨਾਲ ਇਹ ਅੰਦੋਲਨ ਖ਼ਤਮ ਹੋ ਜਾਵੇਗਾ, ਤਾਂ ਉਹ ਗਲਤ ਹਨ। ਅਸੀਂ ਇੱਥੇ ਹੀ ਡਟੇ ਰਹਾਂਗੇ ਅਤੇ 20 ਜੁਲਾਈ ਨੂੰ ਸੰਸਦ ਤੱਕ ਮਾਰਚ ਕਰਾਂਗੇ।”

ਉਹਨਾਂ ਨੇ ਅੱਗੇ ਕਿਹਾ, “ਹੁਣ ਤੱਕ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸੀ, ਪਰ ਇਸ ਨਿੰਦਣਯੋਗ ਕਾਰਵਾਈ ਤੋਂ ਬਾਅਦ ਹੁਣ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਾਂਗੇ।”
ਦੂਜੇ ਪਾਸੇ ਇਸ ਸਾਰੀ ਕਾਰਵਾਈ ਤੇ ਵੱਖ ਵੱਖ ਨੇਤਾਵਾਂ ਦੇ ਵੱਖ ਵੱਖ ਪ੍ਰਕਿਰਿਆ ਨਿਕਲ ਕੇ ਆ ਰਹੀ ਹੈ ਡਿੰਰਲ ਯਾਦਵ ਡਿੰਪਲ ਯਾਦਵ ਨੇ ਸੋਨਮ ਨੂੰ ਲੈ ਕੇ ਜਾਣ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ– “ਬੀਜੇਪੀ ਵਾਲੇ ਦੇਸ਼ ਲਈ ਚਿੱਟੀ ਚਾਦਰ ਦਾ ਕਫ਼ਨ ਲੈ ਕੇ ਆਏ ਹਨ। ਜਦੋਂ ਸ਼ਾਂਤੀਪੂਰਨ ਆਵਾਜ਼ਾਂ ਨੂੰ ਦਬਾਇਆ ਜਾਂਦਾ ਹੈ ਤਾਂ ਸੰਵਿਧਾਨ ਅਤੇ ਲੋਕਤੰਤਰ ਵੀ ਜ਼ਖ਼ਮੀ ਹੁੰਦੇ ਹਨ। ਸੋਨਮ ਵਾਂਗਚੁਕ ਵਰਗੇ ਲੋਕਾਂ ਦੀ ਆਵਾਜ਼ ਦਬਾਉਣਾ, ਦੇਸ਼ ਦੀ ਆਤਮਾ ਨੂੰ ਦਬਾਉਣਾ ਹੈ।”
ਸੰਜੇ ਸਿੰਘ ਬੋਲੇ– “ਵਾਂਗਚੁਕ ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਕੇ ਭੁੱਖ ਹੜਤਾਲ ‘ਤੇ ਬੈਠੇ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨਾਲ ਗੱਲ ਨਹੀਂ ਕੀਤੀ। ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਨਾਲ ਗੱਲ ਕਰਨ ਨਹੀਂ ਗਿਆ। ਪੁਲਿਸ ਜ਼ਬਰਦਸਤੀ ਉਹਨਾਂ ਨੂੰ ਚੁੱਕ ਕੇ ਹਸਪਤਾਲ ਲੈ ਗਈ, ਕਿਉਂਕਿ 20 ਤਾਰੀਖ਼ ਨੂੰ ਉਹਨਾਂ ਨੇ ਸੰਸਦ ਤੱਕ ਮਾਰਚ ਦਾ ਸੱਦਾ ਦਿੱਤਾ ਸੀ।”










