ਮੋਹਾਲੀ : ਪੰਜਾਬ ਵਿੱਚ ਟੋਲ ਟੈਕਸ ਲਗਾਉਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪਾਸ ਕੀਤਾ ਗਿਆ ਹੈ। ਹੁਣ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਵੇਗਾ। ਜਦ ਪੰਜਾਬ ਦੀਆਂ ਗੱਡੀਆਂ ਹਿਮਾਚਲ ਜਾਂਦੀਆਂ ਹਨ ਤਾਂ ਉਹਨਾਂ ‘ਤੇ ਟੈਕਸ ਲੱਗਦਾ ਹੈ, ਪਰ ਪੰਜਾਬ ‘ਚ ਜਦ ਹਿਮਾਚਲ ਦੀਆਂ ਗੱਡੀਆਂ ਆਉਂਦੀਆਂ ਹਨ ਤਾਂ ਟੈਕਸ ਨਹੀਂ ਲਗਾਇਆ ਜਾਂਦਾ। ਇਸ ਅਹਿਮ ਮੁੱਦੇ ‘ਤੇ ਨੰਗਲ ਨਗਰ ਕੌਂਸਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ‘ਚ ਨਗਰ ਕੌਂਸਲ ਦੇ ਚੇਅਰਮੈਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਨਗਰ ਕੌਂਸਲ ਦੀ ਮੀਟਿੰਗ ਵਿੱਚ ਇਹ ਗੱਲ ਹੋਈ ਕਿ ਨੰਗਲ ਨਗਰ ਕੌਂਸਲ ਵੀ ਹਿਮਾਚਲ ਦੀ ਪੈਟਰਨ ‘ਤੇ ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਟੋਲ ਲਗਾਉਣ ਜਾ ਰਹੀ ਹੈ। ਹਿਮਾਚਲ ਸਰਕਾਰ, ਹਿਮਾਚਲ ਨੰਬਰਾਂ ਨੂੰ ਛੱਡ ਕੇ ਹਰ ਕਿਸੇ ਤੋਂ ਟੈਕਸ ਵਸੂਲ ਰਹੀ ਹੈ। ਨਗਰ ਕੌਂਸਲ ਨੂੰ ਇਸ ਦਾ ਫਾਇਦਾ ਹੋਵੇਗਾ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੌਂਸਲ ਵਲੋਂ ਇਹ ਫੈਸਲਾ ਲਿਆ ਗਿਆ ਹੈ।