ਸਮੌਸੇ ’ਚੋਂ ਨਿਕਲਿਆ ਟਿੱਡਾ, ਦੋ ਜੀਆਂ ਦੀ ਹੋਈ ਤਬੀਅਤ ਖ਼ਰਾਬ, ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵਰਤੀ ਸਖ਼ਤੀ, ਜਦੋਂ ਕਿ ਦੂਜੇ ਪਾਸੇ ਮਠਿਆਈ ਦੀਆਂ ਦੁਕਾਨਾਂ ਵਾਲੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ ਦੇ ਮਲੇਰਕੋਟਲਾ ਰੋਡ ਵਿਖੇ ਸਥਿਤ ਮਾਨਜੀ ਬੀਕਾਨੇਰ ਮਠਿਆਈ ਦੀ ਦੁਕਾਨ ’ਤੇ ਦੇਖਣ ਨੂੰ ਮਿਲਿਆ ਜਿੱਥੋਂ ਖ੍ਰੀਦੇ ਸਮੋਸੇ ਵਿਚੋਂ ਟਿੱਡਾ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਥੋਂ ਦੇ ਨੇਡ਼ਲੇ ਪਿੰਡ ਭੱਟੀਆਂ ਦੇ ਵਸਨੀਕ ਜਸਵੰਤ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਕੱਲ੍ਹ 2 ਸਤੰਬਰ ਸ਼ਾਮ ਬੀਕਾਨੇਰ ਸਵੀਟਸ ਤੋਂ 7 ਸਮੋਸੇ ਖ੍ਰੀਦ ਕੇ ਆਪਣੇ ਪਰਿਵਾਰ ਨਾਲ ਬੈਠ ਕੇ ਖਾ ਰਹੇ ਸਨ ਤਾਂ ਇਕ ਸਮੋਸੇ ਵਿਚੋਂ ਲੰਬਾ ਕੀਡ਼ਾ (ਟਿੱਡਾ) ਨਿਕਲਿਆ। ਖਰਾਬ ਸਮੋਸੇ ਖਾ ਕੇ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਦੀ ਤਬੀਅਤ ਖਰਾਬ ਹੋ ਕੇ ਉੱਲਟੀਆਂ ਸ਼ੁਰੂ ਹੋ ਗਈਆਂ। ਇਸ ਸਬੰਧੀ ਪਰਿਵਾਰ ਮੈਬਰਾਂ ਨੇ ਉਕਤ ਬੀਕਾਨੇਰ ਸਵੀਟਸ ’ਤੇ ਜਾ ਕੇ ਉਸ ਨੂੰ ਸਮੌਸੇ ਵਿਚ ਮਰਿਆ ਟਿੱਡਾ ਦਿਖਾਇਆ ਤਾਂ ਦੁਕਾਨਦਾਰ ਨੇ ਸ਼ਰਾਵਤ ਸਿੰਘ ਨੇ ਆਪਣੀ ਗਲਤੀ ਮੰਨਣ ਦੀ ਥਾਂ ਬੁਰੀ ਤਰੀਕੇ ਪੇਸ਼ ਆਇਆ ਅਤੇ ਬਾਅਦ ਵਿਚ ਕਿਹਾ ਕਿ ‘ਫ਼ਿਰ ਕਿਆ ਹੁਆ, ਬਦਲ ਕੇ ਦੂਸਰੇ ਸਮੌਸੇ ਲੇ ਜਾਓ ਐਸਾ ਤੋਂ ਹੋਤਾ ਰਹਿਤਾ ਹੈ’। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਚਿਰ ਪਹਿਲਾਂ ਇਸੇ ਦੁਕਾਨ ਤੋਂ ਇਕ ਹੋਰ ਗਾਹਕ ਵੱਲੋਂ ਖ੍ਰੀਦੇ ਸਮੋਸਿਆਂ ਵਿਚ ਟੌਫ਼ੀ ਦਾ ਖਾਲੀ ਰੈਪਰ ਵੀ ਮਿਲਿਆ ਸੀ। ਅੱਜ ਜਦੋਂ ਇਸ ਪੱਤਰਕਾਰ ਨੇ ਫੋਨ ’ਤੇ ਉਕਤ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਉਹੀ ਗੱਲ ਦੁਹਰਾਈ ਕਿ ‘ਇਸ ਤਰ੍ਹਾਂ ਹੁੰਦਾ ਰਹਿੰਦਾ ਹੈ’।

ਇਸ ਸਬੰਧੀ ਜਸਵੰਤ ਸਿੰਘ ਨੇ ਸਿਹਤ ਵਿਭਾਗ ਨੂੰ ਸਮੌਸੇ ਵਿਚ ਮਰੇ ਪਏ ਟਿੱਡੇ ਦੀਆਂ ਤਸਵੀਰਾਂ ਸਮੇਤ ਸਾਰੇ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਲੁਧਿਆਣਾ, ਐੱਸ ਐੱਸ ਓ ਖੰਨਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਭੇਜੀ ਹੈ। ਇਸ ਦੌਰਾਨ ‘ਆਪ’ ਦੇ ਵਿਧਾਇਕ ਇੰਜ.ਮਨਵਿੰਦਰ ਸਿੰਘ ਗਿਆਸਪੁਰਾ ਨੇ ਉਕਤ ਮਾਮਲੇ ਸਬੰਧੀ ਫੋਨ ਰਾਹੀਂ ਸਿਵਲ ਸਰਜਨ ਲੁਧਿਆਣਾ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਤੇ ਅਣਗਹਿਲੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਿਵਲ ਸਰਜਨ ਲੁਧਿਆਣਾ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੂੰਘਾਈ ਨਾਲ ਪਡ਼ਤਾਲ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਕੈਪਸ਼ਨ : ਸਮੌਸੇ ’ਚੋਂ ਨਿਕਲੇ ਟਿੱਡੇ ਤੇ ਟੌਫ਼ੀ ਦੇ ਰੈਪਰ ਦਿਖਾਉਂਦੇ ਹੋਏ ਖ੍ਰੀਦਦਾਰ ਜਸਵੰਤ ਸਿੰਘ ਚੌਹਾਨ।-ਫੋਟੋ : ਓਬਰਾਏਖੰਨਾ ਤੋਂ ਸਾਡੇ ਪੱਤਰਕਾਰ ਜੋਗਿੰਦਰ ਸਿੰਘ ਓਬਰਾਏ ਦੀ ਖਾਸ ਰਿਪੋਰਟ









