- Home
- India
- ਪੰਜਾਬ-ਹਰਿਆਣਾ ‘ਚ ਐਨਆਈਏ ਦੀ ਵੱਡੀ ਕਾਰਵਾਈ, ਸਵੇਰੇ-ਸਵੇਰੇ ਇਨ੍ਹਾਂ ਥਾਵਾਂ ‘ਤੇ ਕੀਤੀ ਛਾਪੇਮਾਰੀ
ਮੁਹਾਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਜ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈI ਐਨਆਈਏ ਨੇ ਪੰਜਾਬ ਵਿੱਚ 6 ਤੋਂ 7 ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਸਵੇਰੇ 7 ਵਜੇ ਜਲੰਧਰ ਦੇ ਇੱਕ ਪੋਸ਼ ਇਲਾਕੇ ਫ੍ਰੈਂਡਜ਼ ਕਲੋਨੀ ਪਹੁੰਚੀ, ਜਿੱਥੇ ਉਨ੍ਹਾਂ ਨੇ ਇੱਕ ਕਿਰਾਏਦਾਰ ਤੋਂ ਪੁੱਛਗਿੱਛ ਕੀਤੀ। ਐਨਆਈਏ ਅਨੁਸਾਰ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਦੇ ਤੌਰ ‘ਤੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫ੍ਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਦੇ ਸੰਪਰਕ ਵਿੱਚ ਕੌਣ-ਕੌਣ ਹੈl ਇਸ ਵੇਲੇ, ਜਿਸ ਘਰ ਵਿੱਚ ਛਾਪਾ ਮਾਰਿਆ ਜਾ ਰਿਹਾ ਹੈ, ਉੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਘਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਹੈ। ਜੇਕਰ ਸ਼ੱਕੀ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ ਹੈ, ਤਾਂ NIA ਉਸਨੂੰ ਆਪਣੇ ਨਾਲ ਲੈ ਕੇ ਜਾ ਸਕਦੀ ਹੈ।
ਇਸ ਦੇ ਨਾਲ ਹੀ ਐਨਆਈਏ ਦੀ ਟੀਮ ਹਰਿਆਣਾ ਦੇ ਕਰਨਾਲ ਦੇ ਆਰਕੇ ਪੁਰਮ ਵਿੱਚ ਅਸ਼ੋਕ ਭਾਟੀਆ ਦੇ ਘਰ ਪਹੁੰਚੀ ਅਤੇ 3 ਘੰਟਿਆਂ ਤੱਕ ਘਰ ਦੀ ਜਾਂਚ ਕੀਤੀ। ਇਸ ਤੋਂ ਬਾਅਦ, ਐਨਆਈਏ ਦੀ ਟੀਮ ਪੁਲਿਸ ਲਾਈਨ ਵਿੱਚ ਸਥਿਤ ਇੱਕ ਪੁਲਿਸ ਕਰਮਚਾਰੀ ਦੇ ਘਰ ਪਹੁੰਚੀ, ਜਿੱਥੇ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ, ਪੈਸਿਆਂ ਦਾ ਲੈਣ-ਦੇਣ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਅਤੇ ਆਰਕੇ ਪੁਰਮ ਦੇ ਰਹਿਣ ਵਾਲੇ ਅਸ਼ੋਕ ਭਾਟੀਆ ਦੇ ਪੁੱਤਰ ਨੇ ਕੀਤਾ ਹੈ। ਵਿਦੇਸ਼ ਬੈਠੇ ਨੌਜਵਾਨਾਂ ਨੇ ਇਹ ਲੈਣ-ਦੇਣ ਇੱਕ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਨੌਜਵਾਨ ਨਾਲ ਕੀਤਾ ਹੈ। ਜਿਸ ਦੀਆਂ ਤਾਰਾਂ ਪੰਜਾਬ ਦੇ ਮਾਮਲੇ ਨਾਲ ਜੁੜੀਆਂ ਹੋਈਆਂ ਹਨ। ਜਿਸ ਤਹਿਤ ਐਨਆਈਏ ਨੇ ਇਹ ਛਾਪੇਮਾਰੀ ਕੀਤੀ ਹੈl