ਲੌਰੈਂਸ-ਗੋਲਡੀ ਗੈਂਗ ‘ਤੇ ਐਫ.ਬੀ.ਆਈ. (FBI) ਦੀ ਪਹਿਲੀ ਵਾਰ ਵੱਡੀ ਕਾਰਵਾਈ
ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. (FBI) ਨੇ ਪਹਿਲੀ ਵਾਰ ਗੈਂਗਸਟਰ ਲੌਰੈਂਸ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ‘ਤੇ ਵੱਡੀ ਕਾਰਵਾਈ ਕੀਤੀ ਹੈ। ਮੰਗਲਵਾਰ ਨੂੰ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਸਾਂਝੀ ਕਾਰਵਾਈ ਦੌਰਾਨ ਭਾਰਤ ਨਾਲ ਜੁੜੇ ਗੈਂਗਸਟਰਾਂ ਦੇ 24 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 37 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਦੂਜੇ ਪਾਸੇ, ਗੈਂਗਸਟਰ ਲੌਰੈਂਸ ਅਤੇ ਗੋਲਡੀ ਬਰਾੜ ਨੂੰ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਦੋਸ਼ ਹੈ ਕਿ ਦੋਵਾਂ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਮੁਲਜ਼ਮਾਂ ਵਿੱਚ ਰੋਹਿਤ ਗੋਦਾਰਾ ਅਤੇ ਹੋਰ ਸਾਥੀਆਂ ਦੇ ਨਾਮ ਵੀ ਸ਼ਾਮਲ ਹਨ। ਦੋਸ਼ੀ ਪਾਏ ਜਾਣ ‘ਤੇ ਸਾਰਿਆਂ ਨੂੰ 10-10 ਸਾਲ ਦੀ ਜੇਲ੍ਹ ਹੋ ਸਕਦੀ ਹੈ।ਦੋਸ਼ ਪੱਤਰ (ਚਾਰਜਸ਼ੀਟ) ਵਿੱਚ ਦੱਸਿਆ ਗਿਆ ਹੈ ਕਿ ਲੌਰੈਂਸ ਭਾਰਤ ਵਿੱਚ ਜੇਲ੍ਹ ਵਿੱਚ ਰਹਿੰਦਿਆਂ ਵੀ ਆਪਣਾ ਨੈੱਟਵਰਕ ਚਲਾਉਂਦਾ ਹੈ ਅਤੇ ਉਸ ਦੇ ਸਾਥੀ ਭਾਰਤ, ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਟਾਰਗੇਟ ਕਿਲਿੰਗ (ਮਿੱਥ ਕੇ ਕਤਲ ਕਰਨ) ਅਤੇ ਡਰੱਗ ਤਸਕਰੀ ਨੂੰ ਅੰਜਾਮ ਦਿੰਦੇ ਹਨ।ਯੂ.ਐਸ. ਫੈਡਰਲ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਸਰਕਾਰ ਤੋਂ ਲੌਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਇਹਨਾਂ ਦੀ ਮਦਦ ਕਰ ਰਹੇ ਐਕਟਿਵ ਪੁਲਿਸ ਚੀਫ਼ ਪੁੰਦਰਪ੍ਰੀਤ ਸਿੰਘ ਦੀ ਪ੍ਰਤਿਅਰਪਣ (ਦੇਸ਼ ਵਾਪਸੀ/ਹਵਾਲਗੀ) ਦੀ ਮੰਗ ਕਰਨਗੇ। ਇਸ ਤੋਂ ਇਲਾਵਾ ਐਫ.ਬੀ.ਆਈ. ਨੇ ਗੋਲਡੀ ਬਰਾੜ ‘ਤੇ 50 ਹਜ਼ਾਰ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਹੈ।

50 ਥਾਵਾਂ ‘ਤੇ ਰੇਡ, ਡਰੱਗਜ਼ ਤੇ ਹਥਿਆਰ ਜ਼ਬਤ
ਅਮਰੀਕੀ ਫੈਡਰਲ ਅਥਾਰਟੀ ਨੇ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਉਹ ਇੰਡੀਆ ਬੇਸਡ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕਰਾਈਮ ਗਰੁੱਪ (ਭਾਰਤ ਅਧਾਰਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹ) ਦੇ ਖ਼ਿਲਾਫ਼ ਕਈ ਸਾਲਾਂ ਤੋਂ ਇੰਟਰਕੌਂਟੀਨੈਂਟਲ (ਅੰਤਰ-ਮਹਾਂਦੀਪੀ) ਜਾਂਚ ਕਰ ਰਹੇ ਸਨ। ਇਸ ਦੇ ਤਹਿਤ ਉਨ੍ਹਾਂ ਨੇ 2 ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਗ੍ਰਿਫ਼ਤਾਰੀਆਂ ਯੂ.ਐਸ., ਕੈਨੇਡਾ ਅਤੇ ਯੂਰਪ ਵਿੱਚ ਹੋਈਆਂ ਹਨ। ਮੁਲਜ਼ਮਾਂ ਦੇ ਖ਼ਿਲਾਫ਼ 50 ਥਾਵਾਂ ‘ਤੇ ਰੇਡ (ਛਾਪੇਮਾਰੀ) ਕੀਤੀ ਗਈ, ਜਿਸ ਤੋਂ ਬਾਅਦ ਹਜ਼ਾਰ ਕਿੱਲੋ ਨਾਰਕੋਟਿਕਸ ਡਰੱਗਜ਼ (ਨਸ਼ੀਲੇ ਪਦਾਰਥ) ਅਤੇ ਦਰਜਨਾਂ ਹਥਿਆਰ ਜ਼ਬਤ ਕੀਤੇ ਗਏ ਹਨ।
ਗੈਂਗਸਟਰ ਲੌਰੈਂਸ ਜੇਲ੍ਹ ਵਿੱਚੋਂ ਚਲਾ ਰਿਹਾ ਹੈ ਗੈਂਗ
ਯੂ.ਐਸ. ਫੈਡਰਲ ਸਰਕਾਰ ਅਤੇ ਲਾਸ ਏਂਜਲਸ ਦੇ ਡਿਸਟ੍ਰਿਕਟ ਅਟਾਰਨੀ ਜਨਰਲ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਪੂਰੇ ਇੰਡੀਅਨ ਬੇਸਡ ਕ੍ਰਿਮੀਨਲ ਆਰਗੇਨਾਈਜ਼ੇਸ਼ਨ ਨੈੱਟਵਰਕ ਨੂੰ ਭਾਰਤ ਦੀ ਜੇਲ੍ਹ ਵਿੱਚ ਬੈਠਾ ਗੈਂਗਸਟਰ ਲੌਰੈਂਸ ਹੈੱਡ (ਅਗਵਾਈ) ਕਰ ਰਿਹਾ ਹੈ।ਨੌਰਥ ਅਮਰੀਕਾ ਵਿੱਚ ਇਸ ਦੇ ਆਪ੍ਰੇਸ਼ਨਾਂ ਨੂੰ ਗੋਲਡੀ ਬਰਾੜ ਲੀਡ ਕਰ ਰਿਹਾ ਸੀ ਅਤੇ ਯੂਰਪ ਵਿੱਚ ਸਾਰਾ ਕੰਮ ਰੋਹਿਤ ਗੋਦਾਰਾ ਵੱਲੋਂ ਸੰਭਾਲਿਆ ਜਾ ਰਿਹਾ ਸੀ। ਮੰਨਿਆ ਜਾਂਦਾ ਹੈ ਕਿ ਇਹਨਾਂ ਤਿੰਨਾਂ ਗੈਂਗ ਲੀਡਰਾਂ ਵਿਚਾਲੇ ਹੁਣ ਫੁੱਟ ਪੈ ਗਈ ਹੈ ਅਤੇ ਇਹ ਇੱਕ-ਦੂਜੇ ਦੇ ਵਿਰੋਧੀ ਬਣ ਚੁੱਕੇ ਹਨ, ਪਰ ਯੂ.ਐਸ. ਅਥਾਰਟੀਜ਼ ਦਾ ਕਹਿਣਾ ਹੈ ਕਿ ਇਹ ਤਿੰਨੇ ਹੁਣ ਤੱਕ ਮਿਲ ਕੇ ਕੰਮ ਕਰਦੇ ਆਏ ਹਨ।
ਜੱਗੂ ਭਗਵਾਨਪੁਰੀਆ ਟਾਰਗੇਟ ਕਿਲਿੰਗ ਤੇ ਡਰੱਗ ਸਮਗਲਿੰਗ ਕਰਦਾ
ਯੂ.ਐਸ. ਅਥਾਰਟੀਜ਼ ਨੇ ਦੋਸ਼ ਪੱਤਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਵੀ ਜੋੜਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਗੈਂਗ ਵੀ ਨਸ਼ਾ ਤਸਕਰੀ ਅਤੇ ਡਰੱਗ ਟ੍ਰੈਫਿਕਿੰਗ ਵਿੱਚ ਸ਼ਾਮਲ ਹੈ। ਇਹ ਸਾਰੇ ਮਿਲ ਕੇ ਪੂਰੇ ਨੌਰਥ ਅਮਰੀਕਾ ਅਤੇ ਯੂਰਪ ਵਿੱਚ ਸਿੱਖ ਭਾਈਚਾਰੇ ਤੋਂ ਜਬਰਨ ਉਗਰਾਹੀ (ਵਸੂਲੀ), ਟਾਰਗੇਟ ਕਿਲਿੰਗ (ਮਿੱਥ ਕੇ ਕਤਲ) ਅਤੇ ਡਰੱਗ ਸਮਗਲਿੰਗ ਕਰਦੇ ਸਨ।ਜਾਂਚ ਏਜੰਸੀਆਂ ਨੇ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਵਿੱਚ ਭਾਰਤ ਦੇ ਭ੍ਰਿਸ਼ਟ ਪੁਲਿਸ ਅਫ਼ਸਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇੱਕ ਐਕਟਿਵ ਪੁਲਿਸ ਚੀਫ਼, ਜਿਸ ਦੀ ਪਛਾਣ ਹੁੰਦਰਪ੍ਰੀਤ ਸਿੰਘ ਵਜੋਂ ਹੋਈ ਹੈ, ਦਾ ਇਸਤੇਮਾਲ ਕਰਕੇ ਕੈਲੀਫੋਰਨੀਆ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ 4 ਲੱਖ ਯੂ.ਐਸ. ਡਾਲਰ ਦੀ ਫਿਰੌਤੀ ਮੰਗੀ ਗਈ ਸੀ। ਉਸ ਦਾ ਪਰਿਵਾਰ ਪੰਜਾਬ ਵਿੱਚ ਹੈ ਅਤੇ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਪੈਸੇ ਨਾ ਦੇਣ ‘ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ ਕਾਰਵਾਈ
ਕੈਨੇਡਾ ਦੀ ਆਰ.ਸੀ.ਐਮ.ਪੀ. (RCMP) ਦੇ ਚੀਫ਼ ਨੇ ਵੀ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਕਾਰਵਾਈ ‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ ਕੀਤੀ ਗਈ ਹੈ, ਤਾਂ ਜੋ ਇਸ ਅੰਤਰਰਾਸ਼ਟਰੀ ਕ੍ਰਾਈਮ ਨੈੱਟਵਰਕ ਨੂੰ ਖ਼ਤਮ ਕੀਤਾ ਜਾ ਸਕੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਯੂ.ਐਸ. ਫੈਡਰਲ ਸਰਕਾਰ ਦੀ ਇਸ ਅਧਿਕਾਰਤ ਮੰਗ ‘ਤੇ ਭਾਰਤ ਸਰਕਾਰ ਦਾ ਕੀ ਰੁਖ਼ ਰਹਿੰਦਾ ਹੈ।