BREAKING

AMERICAPunjab

FBI ਦੀ ‘ਟੌਪ-10 ਮੋਸਟ ਵਾਂਟਡ’ ਲਿਸਟ ‘ਚ ਆਇਆ ਗੋਲਡੀ ਬਰਾੜ ਦਾ ਨਾਂ

FBI ਦੀ ‘ਟੌਪ-10 ਮੋਸਟ ਵਾਂਟਡ’ ਲਿਸਟ ‘ਚ ਆਇਆ ਗੋਲਡੀ ਬਰਾੜ ਦਾ ਨਾਂ

ਅਮਰੀਕੀ ਜਾਂਚ ਏਜੰਸੀ FBI ਨੇ ਪੰਜਾਬ ਦੇ ਕੁਖਿਆਤ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ‘ਟੌਪ-10 ਮੋਸਟ ਵਾਂਟਡ’ ਭਗੌੜਿਆਂ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ। ਬਰਾੜ ਬਾਰੇ ਅਹਿਮ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ (ਕਰੀਬ 9.5 ਕਰੋੜ ਰੁਪਏ) ਦਾ ਈਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਬਰਾੜ ਨੂੰ ਉੱਤਰੀ ਅਮਰੀਕਾ ਵਿੱਚ ਲੌਰੈਂਸ ਔਰਗਨਾਈਜ਼ਡ ਕ੍ਰਾਈਮ ਗਰੁੱਪ ਦਾ ਪ੍ਰਮੁੱਖ ਆਪ੍ਰੇਸ਼ਨਲ ਲੀਡਰ ਦੱਸਿਆ ਗਿਆ ਹੈ। ਲੌਰੈਂਸ ਅਤੇ ਗੋਲਡੀ ਬਰਾੜ ‘ਤੇ 2023 ‘ਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਇਲਜ਼ਾਮ ਹਨ, ਜਿਸ ਸਬੰਧੀ ਇਸੇ ਸਾਲ ਜੁਲਾਈ ‘ਚ ਅਮਰੀਕਾ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਅਮਰੀਕੀ ਸਰਕਾਰ ਮੁਤਾਬਕ, ਲੌਰੈਂਸ ਭਾਰਤੀ ਜੇਲ੍ਹ ‘ਚ ਹੁੰਦਿਆਂ ਵੀ ਅੰਤਰਰਾਸ਼ਟਰੀ ਅਪਰਾਧ ਨੈੱਟਵਰਕ ਚਲਾ ਰਿਹਾ ਹੈ। ਉਹ ਜੇਲ੍ਹ ‘ਚ ਤਸਕਰੀ ਰਾਹੀਂ ਪਹੁੰਚਾਏ ਗਏ ਮੋਬਾਈਲ ਅਤੇ ਇੰਟਰਨੈੱਟ ਕਾਲਿੰਗ ਡਿਵਾਈਸਾਂ ਜ਼ਰੀਏ ਕਤਲ, ਰੰਗਦਾਰੀ, ਅਗਵਾ, ਡਰੱਗਜ਼ ਅਤੇ ਮਨੁੱਖੀ ਤਸਕਰੀ ਵਰਗੀਆਂ ਵਾਰਦਾਤਾਂ ਦੇ ਨਿਰਦੇਸ਼ ਦਿੰਦਾ ਹੈ। ਅਮਰੀਕੀ ਚਾਰਜਸ਼ੀਟ ਅਤੇ ਪ੍ਰੈੱਸ ਰਿਲੀਜ਼ ‘ਚ ਭਾਰਤ ਸਰਕਾਰ, RAW, NIA ਜਾਂ ਕਿਸੇ ਭਾਰਤੀ ਅਧਿਕਾਰੀ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ, ਬਲਕਿ ਇਲਜ਼ਾਮ ਸਿਰਫ਼ ਅਪਰਾਧਿਕ ਗਿਰੋਹਾਂ ‘ਤੇ ਹਨ। ਅਮਰੀਕਾ, ਕੈਨੇਡਾ ਅਤੇ ਯੂਰਪ ਨੇ ਸਾਂਝੇ ‘ਓਪਰੇਸ਼ਨ ਹਾਰਡ ਬਾਲ’ ਤਹਿਤ 37 ਲੋਕਾਂ ‘ਤੇ ਇਲਜ਼ਾਮ ਤੈਅ ਕੀਤੇ ਅਤੇ 24 ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਮੁਤਾਬਕ ਇਹ ਗੈਂਗ ਵਟਸਐਪ ਵਰਗੇ ਐਂਕ੍ਰਿਪਟਡ ਐਪਸ ਰਾਹੀਂ ਧਮਕੀਆਂ ਦੇ ਕੇ ਉਗਰਾਹੀ ਕਰਦਾ ਸੀ।

ਕੌਣ ਹੈ ਗੋਲਡੀ ਬਰਾੜ? ਜਾਣੋ ਪੂਰਾ ਸਫ਼ਰ:

ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਜਨਮ 11 ਅਪ੍ਰੈਲ 1994 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ‘ਚ ਹੋਇਆ ਸੀ। ਉਸ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ‘ਚ ASI ਸਨ ਅਤੇ ਮਾਤਾ ਪ੍ਰੀਤਪਾਲ ਕੌਰ ਘਰੇਲੂ ਔਰਤ ਹਨ। ਗੋਲਡੀ ਸ਼ੁਰੂ ਤੋਂ ਅਪਰਾਧੀ ਨਹੀਂ ਸੀ, ਉਹ ਰਾਜ ਪੱਧਰੀ ਕਬੱਡੀ ਖਿਡਾਰੀ ਸੀ। ਸਾਲ 2010 ‘ਚ ਪੰਜਾਬ ਯੂਨੀਵਰਸਿਟੀ ਜਾਣ ਤੋਂ ਬਾਅਦ ਉਹ ਗੈਂਗਸਟਰਾਂ ਦੇ ਸੰਪਰਕ ‘ਚ ਆਇਆ। ਉੱਥੇ ਆਪਣੇ ਚਚੇਰੇ ਭਰਾ ਗੁਰਲਾਲ ਬਰਾੜ ਜ਼ਰੀਏ ਉਸ ਦੀ ਮੁਲਾਕਾਤ ਲੌਰੈਂਸ ਬਿਸ਼ਨੋਈ ਨਾਲ ਹੋਈ, ਜੋ ਬਾਅਦ ‘ਚ ਗੂੜ੍ਹੀ ਦੋਸਤੀ ‘ਚ ਬਦਲ ਗਈ।

11 ਅਕਤੂਬਰ 2020 ਨੂੰ ਚੰਡੀਗੜ੍ਹ ‘ਚ ਗੋਲਡੀ ਦੇ ਭਰਾ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਗੋਲਡੀ ਨੇ ਅਪਰਾਧ ਦੀ ਦੁਨੀਆ ‘ਚ ਪੂਰੀ ਤਰ੍ਹਾਂ ਕਦਮ ਰੱਖਿਆ ਅਤੇ ਵਿਰੋਧੀ ਗੈਂਗਸਟਰਾਂ ਦੇ ਕਤਲ ਕਰਵਾਏ। ਪੁਲਿਸ ਜਾਂਚ ‘ਚ ਨਾਂ ਆਉਣ ਮਗਰੋਂ ਪਿਤਾ ਨੇ ਉਸ ਨੂੰ ਮਨਾ ਕੇ 2021 ‘ਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਭੇਜ ਦਿੱਤਾ।

ਕੈਨੇਡਾ ਪਹੁੰਚ ਕੇ ਗੋਲਡੀ ਨੇ ਲੌਰੈਂਸ ਗੈਂਗ ਦੀ ਕਮਾਨ ਸੰਭਾਲ ਲਈ। 29 ਮਈ 2022 ਨੂੰ ਮਾਨਸਾ ‘ਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਕੈਨੇਡਾ ਤੋਂ ਫੇਸਬੁੱਕ ਪੋਸਟ ਜ਼ਰੀਏ ਲਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਦੇ ਮੈਨੇਜਰ ਨੇ ਮਿੱਡੂਖੇੜਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ।

ਗੋਲਡੀ ਬਰਾੜ ਨੇ ਇੱਕ ਇੰਟਰਵਿਊ ‘ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ ਅਤੇ ਉਸ ਦੇ ਸ਼ੂਟਰਾਂ ਨੇ ਸਲਮਾਨ ਦੇ ਘਰ ਬਾਹਰ ਫਾਇਰਿੰਗ ਵੀ ਕੀਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਨਾਲ ਸਬੰਧਾਂ ਅਤੇ ਅੱਤਵਾਦੀ ਗਤੀਵਿਧੀਆਂ ਦੇ ਚੱਲਦਿਆਂ ਗੋਲਡੀ ਬਰਾੜ ਨੂੰ UAPA ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds