
ਮੁਹਾਲੀ- ਇਰਾਨ ਅਤੇ ਇਜ਼ਰਾਈਲ ਦੇ ਦੋਵੇਂ ਦੇਸ਼ਾਂ ‘ਚ ਪਿਛਲੇ ਕਈ ਦਿਨਾਂ ਤੋਂ ਤਣਾਅ ਭਰਿਆ ਮਾਹੌਲ ਹੈ, ਅਤੇ ਇਹ ਤਣਾਅ ਲਗਾਤਾਰ ਜਾਰੀ ਹੈl ਇਸ ਤਣਾਅ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਬਿਆਨ ਜਾਰੀ ਕੀਤਾ ਹੈl ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚਲ ਰਹੀ ਜੰਗ ਨੂੰ ਰੋਕਿਆ ਜਾ ਸਕਦਾ ਹੈl ਪਰ ਇਸ ਬਿਆਨ ‘ਤੇ ਅਜੇ ਇਰਾਨ ਅਤੇ ਇਜ਼ਰਾਈਲ ਵੱਲੋਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈl
ਦੂਜੇ ਪਾਸੇ, ਇਰਾਨ ਅਤੇ ਇਜ਼ਰਾਈਲ ਦੇ ਅਚਾਨਕ ਜੰਗਬੰਦੀ ਦੇ ਐਲਾਨ ‘ਤੇ ਸਾਰਿਆਂ ਨੂੰ ਉਲਝਾਇਆ ਹੋਇਆ ਹੈ, ਕਿਉਂਕਿ ਇੱਕ ਸੀਨੀਅਰ ਇਰਾਨੀ ਅਧਿਕਾਰੀ ਨੇ ਕਿਹਾ ਕਿ ਤਹਿਰਾਨ ਨੂੰ ਅਮਰੀਕਾ ਤੋਂ ਕੋਈ ਰਸਮੀ ਪ੍ਰਸਤਾਵ ਨਹੀਂ ਮਿਲਿਆ ਹੈ, “ਇਸ ਸਮੇਂ, ਦੁਸ਼ਮਣ ਇਰਾਨ ‘ਤੇ ਹਮਲਾ ਕਰ ਰਿਹਾ ਹੈ, ਅਤੇ ਇਰਾਨ ਆਪਣੇ ਜਵਾਬੀ ਹਮਲਿਆਂ ਨੂੰ ਤੇਜ਼ ਕਰਨ ਦੀ ਕਗਾਰ ‘ਤੇ ਹੈ, ਅਤੇ ਆਪਣੇ ਦੁਸ਼ਮਣਾਂ ਦੇ ਝੂਠ ਸੁਣਨ ਲਈ ਤਿਆਰ ਨਹੀਂ ਹੈ,” ਇਸ ਦੌਰਾਨ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਜੰਗਬੰਦੀ ‘ਤੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਕੋਈ “ਸਮਝੌਤਾ” ਨਹੀਂ ਹੋਇਆ ਹੈ।
ਇਸ ਦੇ ਨਾਲ ਹੀ ਜੰਗਬੰਦੀ ਦਾ ਐਲਾਨ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵਿੱਟਰ ‘ਤੇ ਲਿਖਿਆ, “ਸਾਰਿਆਂ ਨੂੰ ਵਧਾਈਆਂ! ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਸੰਪੂਰਨ ਅਤੇ ਅੰਤਿਮ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ। ਜੰਗਬੰਦੀ ਛੇ ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ ਅਤੇ ਇਰਾਨ ਨੂੰ ਪਹਿਲਾਂ ਇਸ ਦੀ ਪਾਲਣਾ ਕਰਨੀ ਪਵੇਗੀ। ਇਰਾਨ ਦੇ ਜੰਗਬੰਦੀ ਦੀ ਪਾਲਣਾ ਕਰਨ ਤੋਂ ਬਾਅਦ, ਇਜ਼ਰਾਈਲ ਵੀ 12 ਘੰਟਿਆਂ ਬਾਅਦ ਜੰਗਬੰਦੀ ਵਿੱਚ ਸ਼ਾਮਲ ਹੋਵੇਗਾ। 24 ਘੰਟਿਆਂ ਬਾਅਦ, ਜੰਗ ਨੂੰ ਰਸਮੀ ਤੌਰ ‘ਤੇ ਖਤਮ ਮੰਨਿਆ ਜਾਵੇਗਾ।” ਡੌਨਲਡ ਟਰੰਪ ਨੇ ਇਰਾਨ ਅਤੇ ਇਜ਼ਰਾਈਲ ਦੇ ਲਚਕੀਲੇਪਣ, ਹਿੰਮਤ ਅਤੇ ਬੁੱਧੀ ਦੀ ਪ੍ਰਸ਼ੰਸਾ ਕੀਤੀ। “ਦੋਵਾਂ ਦੇਸ਼ਾਂ ਵਿਚਕਾਰ ਇਹ ਜੰਗ ਸਾਲਾਂ ਤੱਕ ਚੱਲ ਸਕਦੀ ਸੀ ਤੇ ਮੱਧ ਪੂਰਬ ਨੂੰ ਤਬਾਹ ਕਰ ਸਕਦੀ ਸੀ, ਪਰ ਇਹ ਨਹੀਂ ਹੋਇਆ ਅਤੇ ਨਾ ਹੀ ਕਦੇ ਇਹ ਹੋਵੇਗਾ।” ਇਸ ਲੰਬੀ ਪੋਸਟ ਦੇ ਅੰਤ ਵਿੱਚ, ਟਰੰਪ ਨੇ ਲਿਖਿਆ – “ਪ੍ਰਮਾਤਮਾ ਇਜ਼ਰਾਈਲ ਨੂੰ ਅਸੀਸ ਦੇਵੇ, ਪ੍ਰਮਾਤਮਾ ਈਰਾਨ ਨੂੰ ਅਸੀਸ ਦੇਵੇ, ਪ੍ਰਮਾਤਮਾ ਮੱਧ ਪੂਰਬ ਨੂੰ ਅਸੀਸ ਦੇਵੇ, ਪ੍ਰਮਾਤਮਾ ਸੰਯੁਕਤ ਰਾਜ ਅਮਰੀਕਾ ਨੂੰ ਅਸੀਸ ਦੇਵੇ, ਅਤੇ ਪ੍ਰਮਾਤਮਾ ਦੁਨੀਆ ਨੂੰ ਅਸੀਸ ਦੇਵੇ!”
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਐਲਾਨ ਤੋਂ ਪਹਿਲਾ ਇਰਾਨ ਨੇ ਇਜ਼ਰਾਇਲ ‘ਤੇ ਕਈ ਮਿਜ਼ਾਇਲਾਂ ਦਾਗੀਆਂ ਹਨ, ਜਿਸ ਨਾਲ ਇਜ਼ਰਾਈਲ ‘ਚ ਕਾਫ਼ੀ ਨੁਕਸਾਨ ਹੋਇਆ ਹੈl ਹੁਣ ਦੇਖਣਾ ਹੋਵੇਗਾ ਕਿ ਟਰੰਪ ਦੇ ਐਲਾਨ ਤੋਂ ਬਾਅਦ ਕੀ ਇਹ ਜੰਗ ਰੁਕ ਸਕਦੀ ਹੈ?