ਰੂਸ ਦਾ ਯੂਕਰੇਨ ‘ਤੇ ਸਭ ਤੋਂ ਵੱਡਾ ਹਵਾਈ ਹਮਲਾ, ਸਰਕਾਰੀ ਇਮਾਰਤ ‘ਤੇ ਹੋਇਆ ਹਮਲਾ
ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਬੀਤੇ ਦਿਨ ਵੱਡੀ ਗਿਣਤੀ ’ਚ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ | ਇਹ ਹਮਲਾ ਰੂਸ ਦਾ ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਅਤੇ ਡਰੋਨ ਹਮਲਾ ਸਾਬਿਤ ਹੋਇਆ | ਰਿਪੋਰਟਾਂ ਮੁਤਾਬਕ, ਕੀਵ ‘ਚ ਇਕ ਮਹੱਤਵਪੂਰਨ ਸਰਕਾਰੀ ਇਮਾਰਤ ‘ਚ ਹਮਲੇ ਤੋਂ ਬਾਅਦ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਇਸ ਹਮਲੇ ਚ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ | ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਕਿ ਇਸ ਨੂੰ ਫਰਵਰੀ 2022 ’ਚ ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ’ਤੇ ਰੂਸ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਇੱਕ ਅਹਿਮ ਸਰਕਾਰੀ ਇਮਾਰਤ ਦੀ ਛੱਤ ਤੋਂ ਧੂੰਆਂ ਉੱਠਦਾ ਦਿਖਾਈ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ 805 ਡਰੋਨਾਂ ਨਾਲ ਹਮਲਾ ਕੀਤਾ। ਯੂਕਰੇਨ ਦੀ ਹਵਾਈ ਸੈਨਾ ਦੀ ਤਰਜਮਾਨ ਯੂਰੀ ਇਹਨਾਟ ਨੇ ਪੁਸ਼ਟੀ ਕੀਤੀ ਕਿ ਅੱਜ ਦਾ ਹਮਲਾ ਯੂਕਰੇਨ ’ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਰੂਸੀ ਡਰੋਨ ਹਮਲਾ ਸੀ।
ਰੂਸ ਨੇ ਵੱਖ ਵੱਖ ਤਰ੍ਹਾਂ ਦੀਆਂ 13 ਮਿਜ਼ਾਈਲਾਂ ਦਾਗੀਆਂ। ਹਵਾਈ ਸੈਨਾ ਦੇ ਇੱਕ ਬਿਆਨ ਅਨੁਸਾਰ ਯੂਕਰੇਨ ਨੇ 747 ਰੂਸੀ ਡਰੋਨ ਤੇ ਚਾਰ ਮਿਜ਼ਾਈਲਾਂ ਹੇਠਾਂ ਸੁੱਟੀਆਂ | ਯੂਕਰੇਨ ’ਚ 37 ਥਾਵਾਂ ’ਤੇ ਨੌਂ ਮਿਜ਼ਾਈਲ ਤੇ 56 ਡਰੋਨ ਹਮਲੇ ਹੋਏ। ਹੇਠਾਂ ਸੁੱਟੇ ਗਏ ਡਰੋਨਾਂ ਅਤੇ ਮਿਜ਼ਾਈਲਾਂ ਦਾ ਮਲਬਾ ਅੱਠ ਥਾਵਾਂ ’ਤੇ ਡਿੱਗਿਆ। ਮੀਡੀਆ ਰਿਪੋਰਟਾਂ ਅਨੁਸਾਰ ਯੂਕਰੇਨ ਦੇ ਮੰਤਰੀ ਮੰਡਲ ਦੇ ਹੈੱਡਕੁਆਰਟਰ ਦੀ ਇਮਾਰਤ ’ਚੋਂ ਧੂੰਆਂ ਉੱਠਦਾ ਦਿਖਾਈ ਦਿੱਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 15 ਲੋਕ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪਲੈਟਫੋਰਮ X ਉੱਤੇ ਪੋਸਟ ਪਾਈ ਤੇ ਲਿਖਿਆ ਕਿ ਇਸ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ | ਕਿਹਾ ਕਿ ਸਾਡੀਆਂ ਐਮਰਜੈਂਸੀ ਸੇਵਾਵਾਂ ਹਰ ਜਗ੍ਹਾ ਕੰਮ ਕਰ ਰਹੀਆਂ ਹਨ | ਨਾਲ ਹੀ ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੈਂਕੋ ਨੇ ਵੀ X ਤੇ ਪੋਸਟ ਸਾਂਝੀ ਕਰਕੇ ਕਿਹਾ ਕਿ–‘ਪਹਿਲੀ ਵਾਰ ਦੁਸ਼ਮਣ ਦੇ ਹਮਲੇ ’ਚ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਇਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਾਂਗੇ ਪਰ ਜੋ ਜਾਨਾਂ ਚਲੀਆਂ ਗਈਆਂ ਹਨ | ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ।’ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਯੂਰਪੀ ਆਗੂਆਂ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਜੰਗ ਖ਼ਤਮ ਕਰਨ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਦਬਾਅ ਵੱਧ ਰਿਹਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਵਾਰ-ਵਾਰ ਹੋ ਰਹੇ ਹਮਲੇ ਸਿਰਫ਼ ਖੇਤਰੀ ਸ਼ਾਂਤੀ ਲਈ ਨਹੀਂ, ਸਗੋਂ ਸਾਰੇ ਸੰਸਾਰ ਦੀ ਸ਼ਾਂਤੀ ਲਈ ਵੀ ਵੱਡਾ ਖ਼ਤਰਾ ਹਨ |









