ਲੁਧਿਆਣਾ ਵਿੱਚ ਪੀਜ਼ਾ ਆਊਟਲੈੱਟ ‘ਤੇ ਗੋਲੀਬਾਰੀ
ਲੁਧਿਆਣਾ ਦੇ ਪੋਸ਼ ਇਲਾਕੇ ਭਾਈ ਰਣਧੀਰ ਸਿੰਘ (BRS) ਨਗਰ ਵਿੱਚ ਦੇਰ ਰਾਤ ਇੱਕ ਪੀਜ਼ਾ ਆਊਟਲੈੱਟ ‘ਤੇ ਹੋਈ ਤਾਬੜਤੋੜ ਗੋਲੀਬਾਰੀ ਦੇ ਮਾਮਲੇ ਵਿੱਚ ਵੱਡਾ ਅਪਡੇਟ ਆਇਆ ਹੈ। ਇਸ ਵਾਰਦਾਤ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ‘ਗੋਪੀ ਲਹੌਰੀਆ ਗਰੁੱਪ’ (Goppi Lahoriya Group) ਨਾਮ ਦੇ ਪੇਜ ਨੇ ਪੋਸਟ ਪਾ ਕੇ ਲਈ ਹੈ।
ਦੂਜੇ ਪਾਸੇ, ਸਾਹਮਣੇ ਆਈ CCTV ਫੁਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਹਮਲਾਵਰਾਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ ਮਹਿਜ਼ 3 ਸੈਕੰਡਾਂ ਵਿੱਚ ਲਗਾਤਾਰ 3 ਗੋਲੀਆਂ ਚਲਾਈਆਂ। ਪੁਲਿਸ ਹੁਣ ਜਿੱਥੇ CCTV ਦੇ ਆਧਾਰ ‘ਤੇ ਸ਼ੂਟਰਾਂ ਦੀ ਭਾਲ ਕਰ ਰਹੀ ਹੈ, ਉੱਥੇ ਹੀ ਇਸ ਸੋਸ਼ਲ ਮੀਡੀਆ ਪੋਸਟ ਦੀ ਅਸਲੀਅਤ ਦੀ ਵੀ ਜਾਂਚ ਕਰ ਰਹੀ ਹੈ।

ਸੋਸ਼ਲ ਮੀਡੀਆ ਪੋਸਟ ‘ਚ ਕੀ ਲਿਖਿਆ ਹੈ?
“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਮੈਂ ਗੋਪੀ ਲਹੌਰੀਆ, ਕੱਲ੍ਹ ਰਾਤ ‘ਪੀਜ਼ਾ ਫ੍ਰੌਮ ਮੈਕਸੀਕੋ’ (Pizza From Mexico), J-ਬਲਾਕ ਲੁਧਿਆਣਾ ‘ਤੇ ਜੋ ਫਾਇਰਿੰਗ ਹੋਈ ਹੈ, ਉਹ ਅਸੀਂ ਕਰਵਾਈ ਹੈ। ਇਸ ਨੂੰ ਸਾਡੇ ਫੋਨ ਦਿਸਦੇ ਨਹੀਂ ਸੀ, ਇਗਨੋਰ ਕਰਦਾ ਸੀ, ਉਸ ਕਰਕੇ ਇਹ ਛੋਟਾ ਜਿਹਾ ਟ੍ਰੇਲਰ ਦਿੱਤਾ ਹੈ। ਅਗਲੀ ਵਾਰ ਸਿੱਧੀ ਮੱਥੇ ‘ਚ ਗੋਲੀ ਲੱਗੇਗੀ। ਕੰਮ-ਕਾਰ, ਜ਼ਿੰਦਗੀ, ਘਰ-ਪਰਿਵਾਰ ਸਭ ਕੁਝ ਅੱਗੇ ਹੈ ਤੁਹਾਡਾ, ਅਸੀਂ ਤਾਂ ਮਰੇ ਹੋਏ ਹਾਂ, ਮਰਦਾ ਬੰਦਾ ਜਾਂਦੇ-ਜਾਂਦੇ ਬਹੁਤਿਆਂ ਨੂੰ ਨਾਲ ਲੈ ਜਾਂਦਾ ਹੈ। ਭੁੱਲੇ ਅਸੀਂ ਕਿਸੇ ਨੂੰ ਵੀ ਨਹੀਂ, ਸਭ ਦਾ ਪਤਾ ਹੈ ਅਤੇ ਸਭ ‘ਤੇ ਨਜ਼ਰ ਹੈ ਸਾਡੀ। ਜਿਸ ਦਿਨ ਮੌਕਾ ਮਿਲ ਗਿਆ, ਬਾਬਾ ਦੀਪ ਸਿੰਘ ਜੀ ਮੇਹਰ ਰੱਖਣ, ਲੈ ਕੇ ਤੁਹਾਨੂੰ ਐਂਬੂਲੈਂਸ ਹੀ ਜਾਵੇਗੀ।”
ਸਾਈਬਰ ਸੈੱਲ ਸਰਗਰਮ: ਫ਼ਰਜ਼ੀ ਅਕਾਊਂਟ ਜਾਂ ਅਸਲੀ ਹੈਂਡਲ?
ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਪੁਲਿਸ ਦਾ ਸਾਈਬਰ ਸੈੱਲ ਵਿੰਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਇੰਸਟਾਗ੍ਰਾਮ ਪੇਜ ਵਾਕਈ ਸਬੰਧਤ ਗੈਂਗ/ਗਰੁੱਪ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਦਹਿਸ਼ਤ ਫੈਲਾਉਣ ਲਈ ਫ਼ਰਜ਼ੀ ਅਕਾਊਂਟ ਬਣਾਇਆ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪੇਜ ਕਿਸ IP ਐਡਰੈੱਸ ਅਤੇ ਲੋਕੇਸ਼ਨ ਤੋਂ ਆਪ੍ਰੇਟ ਕੀਤਾ ਜਾ ਰਿਹਾ ਹੈ।

CCTV ਵਿੱਚ ਕੈਦ ਹੋਈ 3 ਸੈਕੰਡ ਦੀ ਦਹਿਸ਼ਤ
BRS ਨਗਰ ਦੇ J-ਬਲਾਕ ਸਥਿਤ ‘ਪੀਜ਼ਾ ਫ੍ਰੌਮ ਮੈਕਸੀਕੋ’ ਆਊਟਲੈੱਟ ਦੇ ਅੰਦਰ ਦੀ CCTV ਫੁਟੇਜ ਸਾਹਮਣੇ ਆਈ ਹੈ। ਫੁਟੇਜ ‘ਚ ਦਿਸ ਰਿਹਾ ਹੈ ਕਿ ਅੰਦਰ ਦੋ ਵਿਅਕਤੀ ਬੈਠ ਕੇ ਗੱਲਬਾਤ ਕਰ ਰਹੇ ਸਨ। ਉਦੋਂ ਹੀ ਇੱਕ ਟੋਪੀ ਪਹਿਨੇ ਨੌਜਵਾਨ ਅਤੇ ਉਸ ਦਾ ਸਾਥੀ ਅੰਦਰ ਦਾਖ਼ਲ ਹੋਏ। ਅੰਦਰ ਆਉਂਦੇ ਹੀ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ 3 ਸੈਕੰਡਾਂ ‘ਚ ਤਾਬੜਤੋੜ 3 ਫਾਇਰ ਕਰ ਦਿੱਤੇ।ਟੋਪੀ ਵਾਲਾ ਨੌਜਵਾਨ ਵੀ ਆਪਣੀ ਪਿਸਤੌਲ ਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਤੋਂ ਗੋਲੀ ਨਹੀਂ ਚੱਲੀ। ਇਸ ਤੋਂ ਬਾਅਦ ਦੋਵੇਂ ਦੋਸ਼ੀ ਬਾਹਰ ਸਪਲੈਂਡਰ ਮੋਟਰਸਾਈਕਲ ‘ਤੇ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਫ਼ਰਾਰ ਹੋ ਗਏ।
ਪੁਲਿਸ ਦਾ ਬਿਆਨ: ਕੇਸ ਦਰਜ, ਹਰ ਐਂਗਲ ਤੋਂ ਜਾਂਚ ਜਾਰੀ
ਥਾਣਾ ਸਰਾਭਾ ਨਗਰ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ-ਏ-ਕਤਲ (ਧਾਰਾ 109 BNS) ਅਤੇ ਅਸਲਾ ਐਕਟ (Arms Act) ਤਹਿਤ FIR ਦਰਜ ਕਰ ਲਈ ਗਈ ਹੈ। ਜਾਂਚ ਅਧਿਕਾਰੀ ASI ਦਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ 3 ਖ਼ਾਲੀ ਖੋਲ (ਖੋਲ੍ਹ) ਬਰਾਮਦ ਕੀਤੇ ਗਏ ਹਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ CCTV ਫੁਟੇਜ ਰਾਹੀਂ ਸ਼ੂਟਰਾਂ ਦੇ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ ਅਤੇ ਇੰਸਟਾਗ੍ਰਾਮ ਪੋਸਟ ਨੂੰ ਵੀ ਜਾਂਚ ਦੇ ਘੇਰੇ ‘ਚ ਰੱਖਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।










