ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਚੋਣ ਅਫ਼ਸਰ ਸ਼੍ਰੀਮਤੀ ਅੰਮ੍ਰਿਤ ਸਿੰਘ, ਡਾਇਰੈਕਟਰ, ਰੋਜ਼ਗਾਰ ਉਤਪਤੀ, ਸਿਖਲਾਈ ਅਤੇ ਕੌਸ਼ਲ ਵਿਕਾਸ, ਪੰਜਾਬ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਚੋਣ ਤਿਆਰੀਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਉਨ੍ਹਾਂ ਨੇ ਖਰੜ, ਮਾਜਰੀ ਅਤੇ ਡੇਰਾਬੱਸੀ ਦੀਆਂ ਪੰਚਾਇਤ ਸੰਮਤੀਆਂ ਦੇ 52 ਜ਼ੋਨਾਂ ਵਿੱਚ 14 ਦਸੰਬਰ ਨੂੰ ਚੋਣਾਂ ਨੂੰ ਬਿਲਕੁਲ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਹਦਾਇਤ ਦਿੱਤੀ।
ਗਿਣਤੀ ਲਈ ਡਿਊਟੀ ‘ਤੇ ਤੈਨਾਤ ਮਾਇਕਰੋ ਅਬਜ਼ਰਵਰਜ਼ ਨਾਲ ਵੱਖਰੀ ਮੀਟਿੰਗ ਦੌਰਾਨ, ਉਨ੍ਹਾਂ ਨੇ ਦੱਸਿਆ ਕਿ ਗਿਣਤੀ 17 ਦਸੰਬਰ 2025 ਨੂੰ ਹੋਵੇਗੀ, ਜਿਸ ਵਿੱਚੋਂ ਖਰੜ ਅਤੇ ਮਾਜਰੀ ਪੰਚਾਇਤ ਸੰਮਤੀਆਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ, ਜਦਕਿ ਡੇਰਾਬੱਸੀ ਦੀ ਗਿਣਤੀ ਸਰਕਾਰੀ ਕਾਲਜ, ਡੇਰਾਬੱਸੀ ਵਿੱਚ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਗਿਣਤੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮਾਇਕਰੋ ਅਬਜ਼ਰਵਰਜ਼ ਦੀ ਟ੍ਰੇਨਿੰਗ ਅਤੇ ਪੰਚਾਇਤ ਸੰਮਤੀ ਵਾਰ ਰੈਂਡਮਾਈਜ਼ੇਸ਼ਨ ਕੀਤੀ ਜਾਵੇਗੀ। ਹਰ ਗਿਣਤੀ ਕੇਂਦਰ ‘ਚ 14 ਟੇਬਲ ਲਗਾਏ ਜਾਣਗੇ।
ਜ਼ਿਲ੍ਹਾ ਚੋਣ ਅਧਿਕਾਰੀ–ਕਮ–ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਚੋਣ ਅਬਜ਼ਰਵਰ ਨੂੰ ਖਰੜ, ਮਾਜਰੀ ਅਤੇ ਡੇਰਾਬੱਸੀ ਵਿੱਚ ਕੀਤੀਆਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਅੰਤਿਮ ਟ੍ਰੇਨਿੰਗ ਸੈਸ਼ਨ ਤੋਂ ਬਾਅਦ 306 ਪੋਲਿੰਗ ਪਾਰਟੀਆਂ ਨੂੰ ਸੰਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਖਰੜ ਅਤੇ ਮਾਜਰੀ ਲਈ ਸਰਕਾਰੀ ਬਹੁ ਤਕਨੀਕੀ ਕਾਲਜ, ਖੂਨੀਮਾਜਰਾ, ਜਦਕਿ ਡੇਰਾਬੱਸੀ ਲਈ ਸਰਕਾਰੀ ਕਾਲਜ, ਡੇਰਾਬੱਸੀ ਤੋਂ ਰਵਾਨਾ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਵੋਟਿੰਗ ਲਈ ਲੋੜੀਂਦੀ ਸਾਰੀ ਚੋਣ ਸਮੱਗਰੀ ਤਿਆਰ ਕਰਕੇ ਕਿੱਟਾਂ ਵਿੱਚ ਪੈਕ ਕਰ ਦਿੱਤੀ ਗਈ ਹੈ ਅਤੇ ਚੋਣ ਅਮਲੇ ਨੂੰ ਬੂਥਾਂ ਤੱਕ ਭੇਜਣ ਅਤੇ ਬਾਅਦ ਵਿੱਚ ਕੁਲੈਕਸ਼ਨ ਸੈਂਟਰ/ਸਟਰਾਂਗ ਰੂਮਾਂ ਤੱਕ ਵਾਪਸੀ ਲਈ ਟ੍ਰਾਂਸਪੋਰਟ ਦੀ ਵਿਵਸਥਾ ਵੀ ਕਰ ਲਈ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ–ਕਮ–ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 2,12,848 ਵੋਟਰ 14 ਦਸੰਬਰ ਨੂੰ ਆਪਣਾ ਮਤ ਅਧਿਕਾਰ ਵਰਤਣਗੇ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀ ਸਾਰੀਆਂ ਸੁਵਿਧਾਵਾਂ ਪਹਿਲਾਂ ਤੋਂ ਹੀ ਤਿਆਰ ਹਨ ਅਤੇ ਹਰ ਬੂਥ ‘ਤੇ CCTV ਕੈਮਰੇ ਲਗਾ ਦਿੱਤੇ ਗਏ ਹਨ।
ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ SP. (ਹੈੱਡਕੁਆਰਟਰ) ਮੋਹਿਤ ਅੱਗਰਵਾਲ ਨੇ ਦੱਸਿਆ ਕਿ ਕੁੱਲ 306 ਬੂਥਾਂ ਵਿੱਚੋਂ 57 ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਇਨ੍ਹਾਂ ਬੂਥਾਂ ‘ਤੇ ਵਾਧੂ ਚੌਕਸੀ ਅਤੇ ਵਾਧੂ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ SP. ਅਤੇ DSP ਰੈਂਕ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਲਈ ਨੋਡਲ ਅਫਸਰ ਬਣਾਇਆ ਗਿਆ ਹੈ, ਤਾਂ ਜੋ ਚੋਣਾਂ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਚੋਣ ਖੇਤਰਾਂ ਵਿੱਚ ਪੈਟਰੋਲਿੰਗ ਟੀਮਾਂ ਨਿਯਮਿਤ ਤੌਰ ‘ਤੇ ਨਿਗਰਾਨੀ ਕਰਦੀਆਂ ਰਹਿਣਗੀਆਂ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।