ਚੰਡੀਗੜ੍ਹ ‘ਚ ਬੱਸਾਂ ਵਿੱਚ ਸ਼ੁਰੂ ਹੋਵੇਗੀ UPI ਪੇਮੈਂਟ!
ਚੰਡੀਗੜ੍ਹ ਵਿੱਚ ਜਨਤਕ ਆਵਾਜਾਈ ਪ੍ਰਣਾਲੀ (Public Transport System) ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਪ੍ਰਸ਼ਾਸਨ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਲਈ ਨਕਦ ਪੈਸਿਆਂ ਜਾਂ ਖੁੱਲ੍ਹੇ ਭਾਨ ਦੀ ਲੋੜ ਨਹੀਂ ਹੋਵੇਗੀ। ਯਾਤਰੀ ਮੋਬਾਈਲ ਤੋਂ QR ਕੋਡ ਸਕੈਨ ਕਰਕੇ UPI ਰਾਹੀਂ ਟਿਕਟ ਦਾ ਭੁਗਤਾਨ ਕਰ ਸਕਣਗੇ।
ਇਹ ਸਹੂਲਤ ਟ੍ਰਾਈਸਿਟੀ ਰੂਟਾਂ ‘ਤੇ ਚੱਲਣ ਵਾਲੀਆਂ CTU ਦੀਆਂ ਸਾਰੀਆਂ 438 ਬੱਸਾਂ ਵਿੱਚ ਲਾਗੂ ਕਰਨ ਦੀ ਤਿਆਰੀ ਹੈ। ਫਿਲਹਾਲ ਕੁਝ ਚੋਣਵੇਂ ਰੂਟਾਂ ‘ਤੇ ਇਸ ਦਾ ਟ੍ਰਾਇਲ ਕੀਤਾ ਜਾ ਰਹਾ ਹੈ। ਤਕਨੀਕੀ ਖ਼ਾਮੀਆਂ ਨੂੰ ਦੂਰ ਕਰਨ ਤੋਂ ਬਾਅਦ ਇਹ ਸਹੂਲਤ ਸਾਰੀਆਂ ਬੱਸਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ।

ਜਾਣੋ CTU ਬੱਸਾਂ ਵਿੱਚ ਮੋਬਾਈਲ ਤੋਂ ਕਿਵੇਂ ਕੱਟੇਗੀ ਟਿਕਟ:
ਡੀਜ਼ਲ ਦੇ ਨਾਲ ਇਲੈਕਟ੍ਰਿਕ ਬੱਸਾਂ ਵਿੱਚ ਵੀ ਸਹੂਲਤ: UPI ਪੇਮੈਂਟ ਦੀ ਸਹੂਲਤ ਸਿਰਫ਼ ਆਮ ਡੀਜ਼ਲ ਬੱਸਾਂ ਤੱਕ ਸੀਮਤ ਨਹੀਂ ਰਹੇਗੀ। ਟ੍ਰਾਇਲ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਿੱਚ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਵਿੱਚ ਵੀ ਯਾਤਰੀ QR ਕੋਡ ਸਕੈਨ ਕਰਕੇ ਟਿਕਟ ਦਾ ਭੁਗਤਾਨ ਕਰ ਸਕਣਗੇ। ਯਾਤਰੀ ਆਪਣੇ ਮੋਬਾਈਲ ਤੋਂ UPI ਐਪ ਰਾਹੀਂ ਸਿੱਧਾ ਭੁਗਤਾਨ ਕਰ ਸਕਣਗੇ। ਇਸ ਨਾਲ ਬੱਸਾਂ ਵਿੱਚ ਟਿਕਟ ਖਰੀਦਣ ਦੀ ਪ੍ਰਕਿਰਿਆ ਆਸਾਨ, ਤੇਜ਼ ਅਤੇ ਸੁਵਿਧਾਜਨਕ ਹੋ ਜਾਵੇਗੀ।
ਇਹਨਾਂ ਰੂਟਾਂ ‘ਤੇ ਮਿਲੇਗਾ ਫ਼ਾਇਦਾ: CTU ਦੀਆਂ ਬੱਸਾਂ ਚੰਡੀਗੜ੍ਹ ਤੋਂ ਇਲਾਵਾ ਮੋਹਾਲੀ, ਪੰਚਕੂਲਾ ਅਤੇ ਆਸ-ਪਾਸ ਦੇ ਖੇਤਰਾਂ ਤੱਕ ਚੱਲਦੀਆਂ ਹਨ। ਇਹਨਾਂ ਵਿੱਚ ਸੈਕਟਰ-17 ਅਤੇ ਸੈਕਟਰ-43 ISBT ਤੋਂ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ। ਇਹ ਬੱਸਾਂ PGI, ਪੰਜਾਬ ਯੂਨੀਵਰਸਿਟੀ, ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਮੋਹਾਲੀ, ਖਰੜ, ਜ਼ੀਰਕਪੁਰ, ਪੰਚਕੂਲਾ, ਮਨਸਾ ਦੇਵੀ ਅਤੇ ਚੰਡੀਮੰਦਰ ਰੂਟਾਂ ‘ਤੇ ਵੀ ਯਾਤਰੀਆਂ ਨੂੰ UPI ਭੁਗਤਾਨ ਦੀ ਸਹੂਲਤ ਮਿਲੇਗੀ। ਮਲੋਆ, ਧਨਾਸ, ਮੌਲੀਜਾਗਰਾਂ, ਮਨੀਮਾਜਰਾ ਅਤੇ ਕੁਰਾਲੀ ਜਾਣ ਵਾਲੇ ਯਾਤਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।

ਖੁੱਲ੍ਹੇ ਪੈਸਿਆਂ ਦੀ ਸਮੱਸਿਆ ਹੋਵੇਗੀ ਖ਼ਤਮ: ਬੱਸਾਂ ਵਿੱਚ ਅਕਸਰ 5, 10 ਜਾਂ 15 ਰੁਪਏ ਦੀ ਟਿਕਟ ਲਈ ਯਾਤਰੀਆਂ ਅਤੇ ਕੰਡਕਟਰਾਂ ਨੂੰ ਖੁੱਲ੍ਹੇ ਪੈਸਿਆਂ (ਭਾਨ) ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਟਿਕਟ ਦੇਣ ਵਿੱਚ ਦੇਰੀ ਹੋ ਜਾਂਦੀ ਹੈ। QR ਕੋਡ ਰਾਹੀਂ ਭੁਗਤਾਨ ਸ਼ੁਰੂ ਹੋਣ ਤੋਂ ਬਾਅਦ ਇਹ ਪਰੇਸ਼ਾਨੀ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ। ਯਾਤਰੀ ਟਿਕਟ ਦੀ ਨਿਰਧਾਰਿਤ ਰਕਮ ਆਪਣੇ ਮੋਬਾਈਲ ਤੋਂ ਡਿਜੀਟਲ ਮਾਧਿਅਮ ਰਾਹੀਂ ਸਿੱਧੀ ਜਮ੍ਹਾਂ ਕਰਵਾ ਸਕਣਗੇ।
ਕੈਸ਼ ਲੈਣ-ਦੇਣ ਵਿੱਚ ਲੱਗਣ ਵਾਲਾ ਸਮਾਂ ਵੀ ਬਚੇਗਾ: ਕੈਸ਼ ਲੈਣ ਅਤੇ ਬਾਕੀ ਪੈਸੇ ਮੋੜਨ ਵਿੱਚ ਲੱਗਣ ਵਾਲਾ ਸਮਾਂ ਬਚੇਗਾ। ਇਸ ਨਾਲ ਟਿਕਟ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਬੱਸਾਂ ਨੂੰ ਸਟਾਪ ‘ਤੇ ਜ਼ਿਆਦਾ ਦੇਰ ਖੜ੍ਹਨਾ ਨਹੀਂ ਪਵੇਗਾ। ਇਸ ਤੋਂ ਇਲਾਵਾ ਯਾਤਰੀਆਂ ਨੂੰ ਜ਼ਿਆਦਾ ਨਕਦੀ ਲੈ ਕੇ ਚੱਲਣ ਦੀ ਲੋੜ ਵੀ ਨਹੀਂ ਹੋਵੇਗੀ। ਮੋਬਾਈਲ ਤੋਂ ਸਿੱਧਾ ਭੁਗਤਾਨ ਕਰਨ ਨਾਲ ਸਫ਼ਰ ਹੋਰ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ।
ਕੈਸ਼ ਅਤੇ ਕਾਰਡ ਨਾਲ ਟਿਕਟ ਖਰੀਦਣ ਦਾ ਵਿਕਲਪ ਵੀ ਰਹੇਗਾ
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ UPI ਪੇਮੈਂਟ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਕੈਸ਼ ਅਤੇ ਸਮਾਰਟ ਕਾਰਡ ਨਾਲ ਟਿਕਟ ਖਰੀਦਣ ਦੀ ਵਿਵਸਥਾ ਬੰਦ ਨਹੀਂ ਕੀਤੀ ਜਾਵੇਗੀ। ਜੋ ਯਾਤਰੀ ਡਿਜੀਟਲ ਭੁਗਤਾਨ ਦੀ ਵਰਤੋਂ ਨਹੀਂ ਕਰ ਸਕਦੇ, ਉਹ ਪਹਿਲਾਂ ਵਾਂਗ ਨਕਦ ਦੇ ਕੇ ਟਿਕਟ ਖਰੀਦ ਸਕਣਗੇ।
ਪ੍ਰਸ਼ਾਸਨ ਦਾ ਮਕਸਦ ਹੌਲੀ-ਹੌਲੀ ਜ਼ਿਆਦਾ ਤੋਂ ਜ਼ਿਆਦਾ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਨਾਲ ਜੋੜਨਾ ਹੈ। CTU ਬੱਸਾਂ ਵਿੱਚ QR ਕੋਡ ਤੋਂ ਟਿਕਟ ਭੁਗਤਾਨ ਦੀ ਸਹੂਲਤ ਸ਼ੁਰੂ ਹੋਣਾ ਚੰਡੀਗੜ੍ਹ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।










