ਫਰਾਦਕੋਟ ‘ਚ ਰਿਸ਼ਤੇ ਹੋਏ ਤਾਰ – ਤਾਰ !ਪਰਿਵਾਰ ਨੇ ਆਪਣੀ ਹੀ ਧੀ ਦਾ ਕੀਤਾ ਕਤਲ।
ਫ਼ਰੀਦਕੋਟ ਵਿੱਚ ਆਪਣੇ ਹੀ ਪਿੰਡ ਦੇ ਲੜਕੇ ਨਾਲ ਪ੍ਰੇਮ ਵਿਆਹ (Love Marriage) ਕਰਵਾਉਣ ‘ਤੇ 20 ਸਾਲਾ ਲੜਕੀ ਦਾ ਕਤਲ ਕਰ ਦਿੱਤਾ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਦੇਹ ਖੇਤਾਂ ਵਿੱਚ ਸੁੱਟ ਦਿੱਤੀ। ਮੰਗਲਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਕੰਡਿਆਲੀ ਤਾਰ (ਫੈਂਸਿੰਗ) ਨੇੜੇ ਪਈ ਮਿਲੀ।ਦੱਸਿਆ ਜਾ ਰਿਹਾ ਹੈ ਕਿ ਲਗਭਗ ਢਾਈ ਮਹੀਨੇ ਪਹਿਲਾਂ ਹੀ ਲੜਕੀ ਨੇ ਪ੍ਰੇਮ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਹ ਲੜਕੇ ਨਾਲ ਪਿੰਡ ਛੱਡ ਕੇ ਬਠਿੰਡਾ ਚਲੀ ਗਈ ਸੀ ਅਤੇ ਉੱਥੇ ਹੀ ਰਹਿਣ ਲੱਗ ਪਈ ਸੀ। ਸੋਮਵਾਰ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਮਿਲਣ ਦੇ ਬਹਾਨੇ ਬੁਲਾਇਆ ਸੀ। ਇਹੋ ਮੌਕਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਲੜਕੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।ਜਦਕਿ, ਲੜਕਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ। ਪੁਲਿਸ ਨੇ ਆਨਰ ਕਿਲਿੰਗ (Honor Killing) ਦੇ ਇਸ ਕੇਸ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਹਾਈਵੇਅ ਦੇ ਕੰਢੇ ਖੇਤਾਂ ‘ਚੋਂ ਮਿਲੀ ਮ੍ਰਿਤਕ ਦੇਹ
ਪੁਲਿਸ ਅਨੁਸਾਰ, ਮ੍ਰਿਤਕ ਲੜਕੀ ਦੀ ਪਛਾਣ ਮਹਿਕਪ੍ਰੀਤ ਕੌਰ ਵਜੋਂ ਹੋਈ ਹੈ। ਉਹ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਸੀ। ਉਸ ਦੀ ਦੇਹ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਦੇ ਕੰਢੇ ਖੇਤਾਂ ‘ਚੋਂ ਬਰਾਮਦ ਹੋਈ ਹੈ।ਡੀ.ਐੱਸ.ਪੀ. (ਦੇਹਾਤ) ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ 20 ਸਾਲਾ ਲੜਕੀ ਮਹਿਕਪ੍ਰੀਤ ਕੌਰ ਨੂੰ ਆਪਣੇ ਹੀ ਪਿੰਡ ਦੇ ਲੜਕੇ ਜਗਦੀਪ ਸਿੰਘ ਨਾਲ ਪਿਆਰ ਹੋ ਗਿਆ ਸੀ। ਇਹਨਾਂ ਦੋਵਾਂ ਨੇ 4 ਮਾਰਚ ਨੂੰ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾ ਲਿਆ ਸੀ, ਜਦਕਿ ਇਹਨਾਂ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ।
ਵਿਆਹ ਤੋਂ ਬਾਅਦ ਬਠਿੰਡਾ ‘ਚ ਰਹਿ ਰਿਹਾ ਸੀ ਜੋੜਾ
ਵਿਆਹ ਤੋਂ ਬਾਅਦ ਮਹਿਕਪ੍ਰੀਤ ਅਤੇ ਜਗਦੀਪ ਦੋਵੇਂ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਏ ਸਨ। ਇਸ ਦੀ ਜਾਣਕਾਰੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਸੀ। ਹਾਲਾਂਕਿ, ਇਹਨਾਂ ਦੇ ਫੋਨ ‘ਤੇ ਪਰਿਵਾਰ ਵਾਲੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਜਿਸ ਬਾਰੇ ਇਹਨਾਂ ਨੇ ਥਾਣਾ ਬਾਜਾਖਾਨਾ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਸੀ।

ਮੁਟਿਆਰ ਦੀ ਮਾਂ ਨੇ ਬੁਲਾਇਆ, ਪਰਿਵਾਰ ਨੇ ਘੇਰਿਆ
DSP ਅਨੁਸਾਰ, ਜਦੋਂ ਮਹਿਕਪ੍ਰੀਤ ਅਤੇ ਜਗਦੀਪ ਸਿੰਘ ਮੋਟਰਸਾਈਕਲ ‘ਤੇ ਢਿਲਵਾਂ ਕਲਾਂ ਨੇੜੇ ਪਹੁੰਚੇ ਤਾਂ ਕਾਰ ‘ਚ ਆਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਲੜਕੀ ਦੀ ਮਾਂ ਨੇ ਹੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੇ ਆਉਣ ਦੀ ਸੂਚਨਾ ਦਿੱਤੀ ਸੀ ਜਾਂ ਫਿਰ ਕਿਸੇ ਹੋਰ ਜ਼ਰੀਏ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ।
ਪਰਿਵਾਰ ਨੂੰ ਆਉਂਦਾ ਦੇਖ ਕੇ ਦੋਵੇਂ ਲੜਕਾ-ਲੜਕੀ ਆਪਣਾ ਮੋਟਰਸਾਈਕਲ ਛੱਡ ਕੇ ਭੱਜਣ ਲੱਗੇ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਫੜ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਖੇਤ ਵਿੱਚ ਕੰਡਿਆਲੀ ਤਾਰ ‘ਤੇ ਸੁੱਟ ਦਿੱਤੀ।ਇਸੇ ਵਿਚਾਲੇ ਲੜਕਾ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ। ਹਾਲਾਂਕਿ, ਉਹ ਭੱਜ ਕੇ ਕਿੱਥੇ ਗਿਆ, ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਮੰਗਲਵਾਰ ਸਵੇਰੇ ਜਦੋਂ ਖੇਤਾਂ ਵਿੱਚ ਕੰਮ ਕਰਨ ਲਈ ਕਿਸਾਨ ਆਏ ਤਾਂ ਉਨ੍ਹਾਂ ਨੇ ਲੜਕੀ ਦੀ ਦੇਹ ਪਈ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਸਿਟੀ ਕੋਟਕਪੂਰਾ ਥਾਣਾ ਅਤੇ ਬਾਜਾਖਾਨਾ ਪੁਲਿਸ ਮੌਕੇ ‘ਤੇ ਪਹੁੰਚੀ।
ਭਾਰੀ ਪੁਲਿਸ ਬਲ ਅਤੇ ਫੋਰੈਂਸਿਕ ਟੀਮ ਪਹੁੰਚੀ ਮੌਕੇ ‘ਤੇ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਟਕਪੂਰਾ ਦੇ DSP ਸੰਜੀਵ ਕੁਮਾਰ, DSP (ਦੇਹਾਤ) ਅਵਤਾਰ ਸਿੰਘ ਰਾਜਪਾਲ ਅਤੇ ਥਾਣਾ ਸਿਟੀ ਕੋਟਕਪੂਰਾ ਦੇ SHO ਸੁਖਵਿੰਦਰ ਸਿੰਘ CIA ਸਟਾਫ਼ ਸਮੇਤ ਪੁਲਿਸ ਟੀਮ ਨਾਲ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਬਾਰੀਕੀ ਨਾਲ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।DSP (ਦੇਹਾਤ) ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਪਰਿਵਾਰ ਵਾਲੇ ਇਸ ਪ੍ਰੇਮ ਵਿਆਹ ਤੋਂ ਬਹੁਤ ਨਾਰਾਜ਼ ਸਨ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।










