ਪੰਜਾਬ ਦੀਆਂ ਧੀਆਂ ਨੂੰ ਮੁਫ਼ਤ ਕ੍ਰਿਕਟ ਸਿਖਲਾਈ ਦੇਣ ਲਈ ‘ਸ਼ੀ ਲੀਡਜ਼ ਕ੍ਰਿਕਟ’ ਮੁਹਿੰਮ ਦੀ ਸ਼ੁਰੂਆਤ

ਪੰਜਾਬ ਦੀਆਂ ਧੀਆਂ ਨੂੰ ਮੁਫ਼ਤ ਕ੍ਰਿਕਟ ਸਿਖਲਾਈ ਦੇਣ ਲਈ ‘ਸ਼ੀ ਲੀਡਜ਼ ਕ੍ਰਿਕਟ’ ਮੁਹਿੰਮ ਦੀ ਸ਼ੁਰੂਆਤ

ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਕੁੜੀਆਂ ਨੂੰ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਐਮਜੀਐਮਕੇ ਸਪੋਰਟਸ ਐਮਪਾਵਰਮੈਂਟ ਫਾਊਂਡੇਸ਼ਨ ਟਰੱਸਟ ਦਾ ਅਧਿਕਾਰਕ ਸ਼ੁਭਾਰੰਭ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤਾ ਗਿਆ। ਟਰੱਸਟ ਦਾ ਉਦੇਸ਼ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਹੋਣਹਾਰ ਧੀਆਂ ਨੂੰ ਕ੍ਰਿਕਟ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਪੰਜਾਬ ਵਿੱਚੋਂ ਮਹਿਲਾ ਕ੍ਰਿਕਟਰਾਂ ਦੀ ਨਵੀਂ ਪੀੜ੍ਹੀ ਤਿਆਰ ਕਰਨਾ ਹੈ।

ਟਰੱਸਟ ਦੀ ਚੇਅਰਪਰਸਨ ਮਨਮੋਹਨ ਕੌਰ ਹਨ, ਜਿਨ੍ਹਾਂ ਨੂੰ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਡਿਵੈਲਪਮੈਂਟ ਦੇ ਖੇਤਰ ਵਿੱਚ 23 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਟਰੱਸਟ ਦੇ ਪ੍ਰੈਜ਼ੀਡੈਂਟ ਸਾਬਕਾ ਭਾਰਤੀ ਕ੍ਰਿਕਟਰ ਮਨਪ੍ਰੀਤ ਸਿੰਘ ਗੋਨੀ ਹਨ। ਟਰੱਸਟ ਦੇ ਹੋਰ ਟਰੱਸਟੀਆਂ ਵਿੱਚ ਸੁਖਪ੍ਰੀਤ ਸਿੰਘ (ਕਾਰੋਬਾਰੀ), ਸੁਰੇਸ਼ ਕੁਮਾਰ ਭੂਰੀਆ (ਐਡਵੋਕੇਟ ਅਤੇ ਟੈਕਸ ਸਲਾਹਕਾਰ) ਅਤੇ ਜੇ.ਪੀ. ਸਿੰਘ (ਕਾਰੋਬਾਰੀ) ਸ਼ਾਮਲ ਹਨ। ਸਾਰਿਆਂ ਨੇ ਮਿਲ ਕੇ ਖੇਡਾਂ ਰਾਹੀਂ ਧੀਆਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਹੈ।

ਇਸ ਮੌਕੇ ਟਰੱਸਟ ਨੇ ਆਪਣੀ ਮੁੱਖ ਪਹਿਲ ‘ਸ਼ੀ ਲੀਡਜ਼ ਕ੍ਰਿਕਟ’ ਦੀ ਸ਼ੁਰੂਆਤ ਕੀਤੀ। ਇਹ ਇੱਕ ਜ਼ਮੀਨੀ ਪੱਧਰ ਦਾ ਪ੍ਰੋਗਰਾਮ ਹੈ, ਜਿਸ ਦਾ ਮਕਸਦ ਪੰਜਾਬ ਦੀਆਂ ਹੋਣਹਾਰ ਧੀਆਂ ਦੀ ਪਛਾਣ ਕਰਨਾ, ਉਨ੍ਹਾਂ ਨੂੰ ਸਿਖਲਾਈ ਦੇਣਾ ਅਤੇ ਉਨ੍ਹਾਂ ਨੂੰ ਬਿਹਤਰ ਕ੍ਰਿਕਟਰ ਬਣਾਉਣਾ ਹੈ।

ਪਹਿਲੇ ਪੜਾਅ ਵਿੱਚ ਟਰੱਸਟ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਸਹਿਯੋਗ ਨਾਲ ਵਿਸ਼ੇਸ਼ ਚੋਣ ਪ੍ਰੋਗਰਾਮ ਕਰਵਾਏਗਾ, ਜਿਨ੍ਹਾਂ ਰਾਹੀਂ ਹੋਣਹਾਰ ਨੌਜਵਾਨ ਮਹਿਲਾ ਕ੍ਰਿਕਟਰਾਂ ਦੀ ਚੋਣ ਕੀਤੀ ਜਾਵੇਗੀ। ਚੁਣੀਆਂ ਗਈਆਂ ਧੀਆਂ ਨੂੰ ਪੂਰੀ ਤਰ੍ਹਾਂ ਮੁਫ਼ਤ ਪੇਸ਼ੇਵਰ ਕ੍ਰਿਕਟ ਸਿਖਲਾਈ, ਫਿਟਨੈੱਸ ਟ੍ਰੇਨਿੰਗ, ਤਜਰਬੇਕਾਰ ਮਾਹਿਰਾਂ ਦੀ ਰਹਿਨੁਮਾਈ, ਸ਼ਖ਼ਸੀਅਤ ਵਿਕਾਸ ਦੀ ਸਿਖਲਾਈ ਅਤੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਖੇਡਣ ਦੇ ਮੌਕੇ ਦਿੱਤੇ ਜਾਣਗੇ। ਇਸ ਪਹਿਲ ਦਾ ਉਦੇਸ਼ ਹਰ ਹੋਣਹਾਰ ਧੀ ਨੂੰ ਉਸ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸਹੀ ਮਾਰਗਦਰਸ਼ਨ ਅਤੇ ਬਿਹਤਰ ਮੰਚ ਪ੍ਰਦਾਨ ਕਰਨਾ ਹੈ।

ਇਸ ਮੌਕੇ ਟਰੱਸਟ ਦੀ ਚੇਅਰਪਰਸਨ ਮਨਮੋਹਨ ਕੌਰ ਨੇ ਕਿਹਾ ਕਿ ਹਰ ਧੀ ਨੂੰ ਸੁਪਨੇ ਦੇਖਣ, ਖੇਡਣ ਅਤੇ ਸਫ਼ਲ ਹੋਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ‘ਸ਼ੀ ਲੀਡਜ਼ ਕ੍ਰਿਕਟ’ ਰਾਹੀਂ ਅਸੀਂ ਅਜਿਹਾ ਰਸਤਾ ਤਿਆਰ ਕਰ ਰਹੇ ਹਾਂ, ਜਿੱਥੇ ਕਿਸੇ ਦੀ ਸਫ਼ਲਤਾ ਉਸ ਦੀਆਂ ਪਰਿਸਥਿਤੀਆਂ ਨਾਲ ਨਹੀਂ, ਸਗੋਂ ਉਸ ਦੀ ਪ੍ਰਤਿਭਾ, ਮਿਹਨਤ ਅਤੇ ਸਮਰਪਣ ਨਾਲ ਤੈਅ ਹੋਵੇਗੀ।

ਟਰੱਸਟ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਗੋਨੀ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਸ਼ਾਨਦਾਰ ਖਿਡਾਰੀਆਂ ਦੀ ਧਰਤੀ ਰਿਹਾ ਹੈ। ਇਸ ਪਹਿਲ ਰਾਹੀਂ ਸਾਡਾ ਟੀਚਾ ਮਜ਼ਬੂਤ ਜ਼ਮੀਨੀ ਕ੍ਰਿਕਟ ਢਾਂਚਾ ਤਿਆਰ ਕਰਨਾ ਹੈ, ਤਾਂ ਜੋ ਧੀਆਂ ਆਪਣੇ ਸਕੂਲ, ਜ਼ਿਲ੍ਹੇ, ਰਾਜ ਅਤੇ ਅੱਗੇ ਚੱਲ ਕੇ ਭਾਰਤ ਦੀ ਨੁਮਾਇੰਦਗੀ ਕਰ ਸਕਣ। ਸਹੀ ਸਿਖਲਾਈ, ਰਹਿਨੁਮਾਈ ਅਤੇ ਮੌਕੇ ਮਿਲਣ ਨਾਲ ਅਸੀਂ ਮਹਿਲਾ ਕ੍ਰਿਕਟ ਦੀ ਅਗਲੀ ਪੀੜ੍ਹੀ ਦੇ ਚੈਂਪੀਅਨ ਤਿਆਰ ਕਰ ਸਕਦੇ ਹਾਂ।

ਟਰੱਸਟ ਦੇ ਟਰੱਸਟੀਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਐਮਜੀਐਮਕੇ ਸਪੋਰਟਸ ਐਮਪਾਵਰਮੈਂਟ ਫਾਊਂਡੇਸ਼ਨ ਟਰੱਸਟ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਇੱਕ ਲੋਕ ਅੰਦੋਲਨ ਹੈ, ਜੋ ਧੀਆਂ ਨੂੰ ਸਸ਼ਕਤ ਬਣਾਉਣ, ਫਿਟਨੈੱਸ ਨੂੰ ਉਤਸ਼ਾਹਿਤ ਕਰਨ, ਲੀਡਰਸ਼ਿਪ ਸਮਰੱਥਾ ਵਿਕਸਿਤ ਕਰਨ ਅਤੇ ਖੇਡਾਂ ਰਾਹੀਂ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਸਮਰਪਿਤ ਹੈ। ਅਸੀਂ ਪੰਜਾਬ ਦੇ ਸਕੂਲਾਂ, ਸਿੱਖਿਆ ਸੰਸਥਾਵਾਂ, ਕਾਰਪੋਰੇਟ ਸੰਸਥਾਵਾਂ, ਖੇਡ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ‘ਸ਼ੀ ਲੀਡਜ਼ ਕ੍ਰਿਕਟ’ ਮੁਹਿੰਮ ਨਾਲ ਜੁੜ ਕੇ ਧੀਆਂ ਦੇ ਰੌਸ਼ਨ ਭਵਿੱਖ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।

Exit mobile version